ਨੈਸ਼ਨਲ ਡੈਸਕ 5 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) : ਨਾਗਾਲੈਂਡ ਦੇ ਦੀਮਾਪੁਰ ਤੇ ਕੋਹਿਮਾ ਦੇ ਵਿਚਾਲੇ ਚੁਮੂਕੇਦੀਮਾ ‘ਚ ਮੰਗਲਵਾਰ ਸ਼ਾਮ ਨੂੰ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਇਸ ਦੌਰਾਨ ਇਕ ਪਹਾੜੀ ਤੋਂ ਇਕ ਚੱਟਾਨ ਡਿੱਗਣੀ ਸ਼ੁਰੂ ਹੋਈ, ਜਿਸ ਦੀ ਲਪੇਟ ‘ਚ ਆ ਕੇ ਸੜਕ ‘ਤੇ ਜਾ ਰਹੀਆਂ 2 ਕਾਰਾਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਇਸ ਹਾਦਸੇ ਵਿੱਚ ਕਾਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਭਾਰੀ ਮੀਂਹ ਦੌਰਾਨ ਓਲਡ ਚੁਮੂਕੇਦੀਮਾ ਪੁਲਸ ਚੌਕੀ ਨੇੜੇ ਰਾਸ਼ਟਰੀ ਰਾਜਮਾਰਗ 29 ‘ਤੇ ਸ਼ਾਮ ਕਰੀਬ 5 ਵਜੇ ਵਾਪਰੀ।
ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 3 ਜ਼ਖ਼ਮੀ ਇਸ ਸਮੇਂ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜ਼ੋਰਦਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਇਕ ਕਾਰ ‘ਚ ਸਵਾਰ ਵਿਅਕਤੀ ਸਾਹਮਣੇ ਖੜ੍ਹੀਆਂ ਕਾਰਾਂ ਦਾ ਵੀਡੀਓ ਬਣਾ ਰਿਹਾ ਹੈ। ਇਸ ਦੌਰਾਨ ਸਾਹਮਣੇ ਕਾਰ ਦੇ ਕੋਲ ਪਹਾੜ ਤੋਂ ਇਕ ਵੱਡਾ ਪੱਥਰ ਡਿੱਗਾ। ਡਿੱਗਣ ਤੋਂ ਕੁਝ ਸਕਿੰਟਾਂ ਵਿੱਚ ਹੀ ਇਹ ਪੱਥਰ ਸਾਹਮਣੇ ਤੋਂ ਕਾਰ ਨੂੰ ਲਤਾੜਦਾ ਹੋਇਆ ਹੇਠਾਂ ਚਲਾ ਗਿਆ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਚੱਟਾਨ ਦੀ ਲਪੇਟ ‘ਚ ਆਈਆਂ 3 ਕਾਰਾਂ ਮਲਬੇ ‘ਚ ਬਦਲ ਗਈਆਂ।