ਤਜਰਬੇਕਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਅੱਜ ਆਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਹ ਟੀ-20 ਕ੍ਰਿਕਟ ਖੇਡਣੀ ਜਾਰੀ ਰੱਖੇਗਾ। 37 ਸਾਲਾ ਸਲਾਮੀ ਬੱਲੇਬਾਜ਼ ਨੇ ਸਪੱਸ਼ਟ ਕੀਤਾ ਕਿ ਜੇ 2025 ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਟੀਮ ਨੂੰ ਉਸ ਦੀ ਲੋੜ ਪਈ ਤਾਂ ਉਹ ਚੋਣ ਲਈ ਉਪਲੱਬਧ ਹੋਵੇਗਾ। ਆਪਣੇ ਘਰੇਲੂ ਮੈਦਾਨ ਸਿਡਨੀ ਕ੍ਰਿਕਟ ਮੈਦਾਨ ’ਤੇ ਆਪਣਾ ਆਖ਼ਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਵਾਰਨਰ ਨੇ ਖੁਲਾਸਾ ਕੀਤਾ ਕਿ ਆਸਟਰੇਲੀਆ ਦਾ ਨਵੰਬਰ ਵਿੱਚ ਭਾਰਤ ਖ਼ਿਲਾਫ਼ ਵਿਸ਼ਵ ਕੱਪ ਫਾਈਨਲ 50 ਓਵਰਾਂ ਦੇ ਫਾਰਮੈਟ ਵਿੱਚ ਉਸ ਦਾ ਆਖਰੀ ਮੈਚ ਸੀ। ਉਸ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਮੈਂ ਇਕ ਰੋਜ਼ਾ ਕ੍ਰਿਕਟ ਤੋਂ ਵੀ ਸੰਨਿਆਸ ਲੈ ਰਿਹਾ ਹਾਂ। ਇਸ ਨਾਲ ਮੈਨੂੰ ਦੁਨੀਆ ਦੀਆਂ ਹੋਰ ਲੀਗਾਂ ਵਿੱਚ ਵੀ ਖੇਡਣ ਦਾ ਮੌਕਾ ਮਿਲੇਗਾ।’’ ਵਾਰਨਰ ਦੇ ਨਾਂ ਦੋ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਦਰਜ ਹਨ, ਜਿਨ੍ਹਾਂ ’ਚ ਵਿਸ਼ਵ ਕੱਪ 2023 ਵਿੱਚ ਭਾਰਤ ਖ਼ਿਲਾਫ਼ ਫਾਈਨਲ ’ਚ ਜਿੱਤ ਵੀ ਸ਼ਾਮਲ ਹੈ। ਇਸ ਟੂਰਨਾਮੈਂਟ ਵਿੱਚ ਉਸ ਨੇ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਵਾਰਨਰ ਨੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ 2009 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਕੀਤੀ ਸੀ। ਉਸ ਨੇ ਕਰੀਅਰ ਵਿੱਚ 161 ਇੱਕ ਰੋਜ਼ਾ ਮੈਚ ਖੇਡੇ ਜਿਸ ਵਿੱਚ ਉਸ ਨੇ 45.30 ਦੀ ਔਸਤ ਨਾਲ 6,932 ਦੌੜਾਂ ਬਣਾਈਆਂ। ਇਸ ਫਾਰਮੈਟ ’ਚ ਉਸ ਦੇ ਨਾਮ 22 ਸੈਂਕੜੇ ਅਤੇ 33 ਨੀਮ ਸੈਂਕੜੇ ਦਰਜ ਹਨ। ਉਹ ਆਸਟਰੇਲੀਆ ਲਈ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ।