ਤਿਲੰਗਾਨਾ ਵਿੱਚ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਵੱਲੋਂ ਰਾਹੁਲ ਗਾਂਧੀ ਅਤੇ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਜਿਹੇ ਨੇਤਾਵਾਂ ਦੇ ਚੋਣ ਪ੍ਰਚਾਰ ਮਗਰੋਂ ਹੁਣ 30 ਨਵੰਬਰ ਨੂੰ 119 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣਗੀਆਂ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸੂਬੇ ਵਿੱਚ 3.26 ਕਰੋੜ ਵੋਟਰਾਂ ਲਈ 35,655 ਚੋਣ ਬੂਥ ਬਣਾਏ ਗਏ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ 106 ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ ਸੱਤ ਤੋਂ ਸ਼ਾਮ ਪੰਜ ਵਜੇ ਤੱਕ ਅਤੇ 13 ਖੱਬੇ ਪੱਖੀ ਕੱਟੜਵਾਦ (ਐੱਲਡਬਲਿਊਈ) ਪ੍ਰਭਾਵਿਤ ਖੇਤਰਾਂ ਵਿੱਚ ਸਵੇਰ ਸੱਤ ਤੋਂ ਸ਼ਾਮ ਚਾਰ ਵਜੇ ਤੱਕ ਵੋਟਾਂ ਪੈਣਗੀਆਂ। ਸੂਬੇ ਵਿੱਚ 2,290 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਉਨ੍ਹਾਂ ਦਾ ਮੰਤਰੀ ਪੁੱਤਰ ਕੇ.ਟੀ. ਰਾਮਾਰਾਓ, ਸੂਬਾਈ ਕਾਂਗਰਸ ਪ੍ਰਧਾਨ ਏ. ਰੇਵੰਤ ਰੈਡੀ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਬੀ. ਸੰਜੈ ਕੁਮਾਰ ਅਤੇ ਡੀ ਅਰਵਿੰਦ ਸ਼ਾਮਲ ਹਨ।
ਚੋਣ ਕਮਿਸ਼ਨ ਵੱਲੋਂ ਨੌਂ ਅਕਤੂਬਰ ਨੂੰ ਚੋਣਾਂ ਦੀ ਤਾਰੀਖ਼ ਐਲਾਨਣ ਮਗਰੋਂ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਮੁੱਖ ਚੋਣ ਅਧਿਕਾਰੀ ਵਿਕਾਸ ਰਾਜ ਨੇ ਕਿਹਾ ਕਿ ਚੋਣਾਂ ਲਈ 2.5 ਲੱਖ ਤੋਂ ਵੱਧ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਵੋਟਾਂ ਦੀ ਗਿਣਤੀ ਤਿੰਨ ਦਸੰਬਰ ਨੂੰ ਹੋਵੇਗੀ। ਤਿਲੰਗਾਨਾ ਵਿੱਚ ਪਹਿਲੀ ਵਾਰ ਦਿਵਿਆਂਗਾਂ ਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰਾਂ ਵਿੱਚ ਵੋਟਾਂ ਪਾਉਣ ਦੀ ਸਹੂਲਤ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਆਈਟੀ ਕੰਪਨੀਆਂ ਸਣੇ ਨਿੱਜੀ ਅਦਾਰਿਆਂ ਨੂੰ 30 ਨਵੰਬਰ ਨੂੰ ਛੁੱਟੀ ਕਰਨ ਦਾ ਆਦੇਸ਼ ਦਿੱਤਾ ਹੈ ਤਾਂ ਜੋ ਉਹ ਆਪਣੀ ਵੋਟ ਪਾ ਸਕਣ।