ਅਦਾਕਾਰ ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦਰ’ ਪਹਿਲੀ ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਸਬੰਧੀ ਫਿਲਮ ਦੇ ਨਿਰਮਾਤਾਵਾਂ ਨੇ ਬੁੱਧਵਾਰ ਰਾਤ ਨੂੰ ਵਿਸ਼ੇਸ਼ ਸਕਰੀਨਿੰਗ ਰੱਖੀ ਸੀ, ਜਿਸ ਵਿੱਚ ਅਦਾਕਾਰ ਵਿੱਕੀ ਕੌਸ਼ਲ ਆਪਣੀ ਪਤਨੀ ਅਦਾਕਾਰਾ ਕੈਟਰੀਨਾ ਕੈਫ਼ ਨਾਲ ਸ਼ਾਮਲ ਹੋਇਆ। ‘ਟਾਈਗਰ 3’ ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਅਦਾਕਾਰਾ ਕੈਟਰੀਨਾ ਕੈਫ ਇਸ ਪ੍ਰੋਗਰਾਮ ਵਿੱਚ ਵੈਲਵੈਟ ਦੀ ਕਾਲੇ ਰੰਗ ਦੀ ਪੁਸ਼ਾਕ ਪਹਿਨ ਕੇ ਪਤੀ ਦਾ ਹੱਥ ਫੜੀ ਤੁਰਦੀ ਨਜ਼ਰ ਆਈ। ਵਿੱਕੀ ਨੇ ਕਾਲੇ ਰੰਗ ਦਾ ਪੈਂਟ ਸੂਟ ਪਹਿਨਿਆ ਹੋਇਆ ਸੀ। ਇਸ ਸਕਰੀਨਿੰਗ ਵਿੱਚ ਵਿੱਕੀ ਦੇ ਪਿਤਾ ਸ਼ਾਮ ਕੌਸ਼ਲ, ਮਾਤਾ ਵੀਨਾ ਕੌਸ਼ਲ ਤੇ ਭਰਾ ਸੰਨੀ ਕੌਸ਼ਲ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਫਿਲਮ ‘ਸੈਮ ਬਹਾਦਰ’ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਵੱਲੋਂ ਕੀਤਾ ਗਿਆ ਹੈ ਅਤੇ ਫਿਲਮ ਵਿੱਚ ਸਾਨੀਆ ਮਲਹੋਤਰਾ ਤੇ ਫਾਤਿਮਾ ਸਨਾ ਸ਼ੇਖ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਵਿੱਚ ਵਿੱਕੀ ਨੇ ਭਾਰਤੀ ਜੰਗੀ ਨਾਇਕ ਅਤੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਣਕਸ਼ਾਅ ਦੀ ਭੂਮਿਕਾ ਨਿਭਾਈ ਹੈ। ਹਾਲ ਹੀ ਵਿੱਚ ਅਦਾਕਾਰ ਨੇ ਫਿਲਮ ਦਾ ਟਰੇਲਰ ਵੀ ਰਿਲੀਜ਼ ਕੀਤਾ ਸੀ।