ਪਟਿਆਲਾ, 16 ਸਤੰਬਰ
ਕੇਂਦਰੀ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨਾਲ ਸਮਾਣਾ ਅਤੇ ਸਨੌਰ ਵਿਧਾਨ ਸਭਾ ਹਲਕਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਇਸ ਦੌਰਾਨ ਦੁੱਧਨ ਗੁੱਜਰਾਂ, ਬੁਧਮੋਰ, ਮਹਿਮੂਦਪੁਰ, ਜਾਲਣ ਖੇੜੀ, ਸੱਸੀ ਗੁੱਜਰਾਂ ਅਤੇ ਧਰਮਹੇੜੀ ਸਮੇਤ ਪਿੰਡਾਂ ਦਾ ਨਿਰੀਖਣ ਕੀਤਾ, ਜੋ ਟਾਂਗਰੀ, ਮਾਰਕੰਡਾ ਅਤੇ ਘੱਗਰ ਨਦੀਆਂ ਕਾਰਨ ਆਏ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਦੌਰੇ ਦੌਰਾਨ ਕੇਂਦਰੀ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੁਕਸਾਨ ਦੀ ਵਿਆਪਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੇਂਦਰ ਵੱਲੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਕਿਸਾਨਾਂ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਨੋਟ ਕੀਤਾ ਜਿਵੇਂ ਕੀ ਨਦੀਆਂ ਦੀ ਗਾਦ ਕੱਢਣਾ, ਭਵਿੱਖ ਵਿੱਚ ਫਸਲਾਂ ਅਤੇ ਜ਼ਮੀਨ ਦੇ ਨੁਕਸਾਨ ਨੂੰ ਰੋਕਣ ਲਈ ਪੱਕੇ ਬੰਨ੍ਹ ਅਤੇ ਨਾਲੇ ਬਣਾਉਣਾ ਅਤੇ ਕੁਰੂਕਸ਼ੇਤਰ ਨਾਲ ਜੋੜਨ ਵਾਲੀ 25 ਕਿਲੋਮੀਟਰ ਪਟਿਆਲਾ-ਪਿਹੋਵਾ ਸੜਕ ਦੀ ਤੁਰੰਤ ਮੁਰੰਮਤ ਕਰਨਾ।
ਮੰਤਰੀ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ, ਕੇਂਦਰੀ ਜਲ ਕਮਿਸ਼ਨ ਅਤੇ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਕੋਲ ਉਠਾਇਆ ਜਾਵੇਗਾ ਤਾਂ ਜੋ ਇੱਕ ਸਥਾਈ ਹੱਲ ਯਕੀਨੀ ਬਣਾਇਆ ਜਾ ਸਕੇ ਅਤੇ ਵਾਰ-ਵਾਰ ਹੋਣ ਵਾਲੀ ਤਬਾਹੀ ਨੂੰ ਰੋਕਿਆ ਜਾ ਸਕੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਨੂੰ 2023 ਵਿੱਚ ਵੀ ਇਸ ਤਰ੍ਹਾਂ ਦੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਯਾਦ ਦਿਵਾਇਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੂੰ ਪਟਿਆਲਾ ਦੀ ਸਥਿਤੀ ਬਾਰੇ ਚਾਨਣਾ ਪਾਉਂਦਿਆਂ ਪੱਤਰ ਲਿਖਿਆ ਸੀ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਸਾਰੇ ਕੇਂਦਰੀ ਰਾਜ ਮੰਤਰੀਆਂ ਨੂੰ ਪੰਜਾਬ ਭਰ ਵਿੱਚ ਜ਼ਮੀਨੀ ਪੱਧਰ ‘ਤੇ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।
ਪ੍ਰਨੀਤ ਕੌਰ ਨੇ ਕਿਹਾ ਕਿ “ਪਟਿਆਲਾ ਟਾਂਗਰੀ, ਮਾਰਕੰਡਾ ਅਤੇ ਘੱਗਰ ਨਦੀਆਂ ਦੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨਾਲ ਸਬੰਧਤ ਇੱਕ ਅੰਤਰ-ਰਾਜੀ ਮੁੱਦਾ ਹੈ। ਇੱਕ ਸਥਾਈ ਹੱਲ ਲਈ ਜਲ ਕਮਿਸ਼ਨ ਦੁਆਰਾ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ।”
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਪਹਿਲੀ ਵਾਰ 25 ਕੇਂਦਰੀ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਰਿਪੋਰਟ ਸੌਂਪਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ। ਦੋਵਾਂ ਆਗੂਆਂ ਨੇ ਇਸ ਸੰਕਟ ਦੌਰਾਨ ਪੰਜਾਬ ਨੂੰ ਲਗਾਤਾਰ ਮਾਰਗਦਰਸ਼ਨ ਅਤੇ ਨਿਰੰਤਰ ਸਹਾਇਤਾ ਲਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕੀਤਾ, ਜਿਸ ਨਾਲ ਕਿਸਾਨਾਂ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਮਦਦ ਅਤੇ ਪੱਕੇ ਹੱਲ ਮਿਲਣੇ ਯਕੀਨੀ ਹੋਏ।
ਬਾਅਦ ਵਿੱਚ, ਉਨ੍ਹਾਂ ਨੇ ਧਰਮਹੇੜੀ ਦਾ ਦੌਰਾ ਕੀਤਾ ਜਿੱਥੇ ਕਿਸਾਨ ਹਾਂਸੀ-ਬਟਾਨਾ ਨਹਿਰ ਦੇ ਮੁੱਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਪ੍ਰਨੀਤ ਕੌਰ ਨੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਅਤੇ ਰਾਜਪਾਲ ਕੋਲ ਉਠਾਇਆ ਜਾ ਚੁੱਕਿਆ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨੂੰ ਭੇਜਿਆ ਹੈ। ਉਨ੍ਹਾਂ ਅੱਗੇ ਭਰੋਸਾ ਦਿਵਾਇਆ ਕਿ ਸਬੰਧਤ ਰਾਜਾਂ ਦੀ ਕੇਂਦਰੀ ਜਲ ਕਮਿਸ਼ਨ ਨਾਲ ਜਲਦ ਹੀ ਇੱਕ ਉੱਚ-ਪੱਧਰੀ ਮੀਟਿੰਗ ਬੁਲਾਈ ਜਾਵੇਗੀ ਅਤੇ ਇਕ ਠੋਸ ਹੱਲ ਕੱਢਿਆ ਜਾਵੇਗਾ।
ਕੇਂਦਰੀ ਮੰਤਰੀ ਦੇ ਦੌਰੇ ਅਤੇ ਭਰੋਸੇ ਤੋਂ ਬਾਅਦ, ਕਿਸਾਨਾਂ ਨੇ ਤੁਰੰਤ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ ਅਤੇ ਕੀਤੀ ਗਈ ਕਾਰਵਾਈ ਲਈ ਆਗੂਆਂ ਦਾ ਧੰਨਵਾਦ ਪ੍ਰਗਟਾਇਆ।
ਇਸ ਦੌਰੇ ਦੌਰਾਨ ਸਨੌਰ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਚਾਹਲ, ਸਮਾਣਾ ਇੰਚਾਰਜ ਸੁਰਿੰਦਰ ਸਿੰਘ ਖੇੜਕੀ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਅਤੇ ਹਰਮੇਸ਼ ਗੋਇਲ ਵੀ ਮੌਜੂਦ ਸਨ।