ਲਖਨਊ, 22 ਮਈ
ਰੌਇਲ ਚੈਂਲੈਜ਼ਰਜ਼ ਬੰਗਲੂਰੂ (ਆਰਸੀਬੀ) ਦੀ ਟੀਮ ਨੇ ਪਹਿਲਾਂ ਹੀ ਪਲੇਅਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਅਤੇ ਹੁਣ ਉਹ ਸ਼ੁੱਕਰਵਾਰ ਨੂੰ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਬਾਦ ਖਿਲਾਫ਼ ਜਿੱਤ ਹਾਸਲ ਕਰਕੇ ਨੌਂ ਸਾਲਾਂ ਵਿੱਚ ਪਹਿਲੀ ਵਾਰ ਲੀਗ ਗੇੜ ਵਿੱਚ ਸਿਖਰਲੇ ਦੋ ਸਥਾਨਾਂ ‘ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੰਗਲੂਰੂ ਦੀ ਟੀਮ 2016 ਵਿੱਚ ਫਾਈਨਲ ਤੱਕ ਪਹੁੰਚੀ ਸੀ, ਪਰ ਉਸ ਤੋਂ ਬਾਅਦ ਉਹ ਕਦੇ ਵੀ ਸਿਖਰਲੀਆਂ ਦੋ ਟੀਮਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਸਫਲ ਨਹੀਂ ਹੋ ਸਕੀ। ਇਸ ਸਮੇਂ, ਆਰਸੀਬੀ 12 ਮੈਚਾਂ ਵਿੱਚੋਂ 17 ਅੰਕਾਂ ਨਾਲ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ ਅਤੇ ਉਹ ਆਪਣੇ ਬਾਕੀ ਦੋ ਮੈਚ ਜਿੱਤ ਕੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ। ਬੰਗਲੂਰੂ ਦਾ 23 ਮਈ ਨੂੰ ਹੋਣ ਵਾਲਾ ਮੈਚ ਪਹਿਲਾਂ ਘਰੇਲੂ ਮੈਦਾਨ ‘ਤੇ ਹੋਣਾ ਸੀ, ਪਰ ਮੌਨਸੂਨ ਦੀ ਸ਼ੁਰੂਆਤ ਕਾਰਨ ਇਸ ਦਾ ਸਥਾਨ ਬਦਲਿਆ ਗਿਆ ਹੈ।