ਸਦਗੁਰੂ ਜੱਗੀ ਵਾਸੂਦੇਵ ਦੀ ਅਗਵਾਈ ਵਾਲੀ ਈਸ਼ਾ ਫਾਊਂਡੇਸ਼ਨ ਨੇ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੈ, ਜਿਸ ‘ਚ ਕੋਇੰਬਟੂਰ ਪੁਲਸ ਨੂੰ ਅਗਲੇਰੀ ਨਿਆਂਇਕ ਸਮੀਖਿਆ ਲਈ ਫਾਊਂਡੇਸ਼ਨ ਖਿਲਾਫ ਸਾਰੇ ਮਾਮਲੇ ਦੇ ਵੇਰਵੇ ਇਕੱਠੇ ਕਰਨ ਅਤੇ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਹ ਮੁੱਦਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਬੈਂਚ ਦੇ ਸਾਹਮਣੇ ਤੁਰੰਤ ਵਿਚਾਰ ਲਈ ਲਿਆਂਦਾ ਗਿਆ ਸੀ। ਫਾਊਂਡੇਸ਼ਨ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਹਾਈ ਕੋਰਟ ਦੇ ਆਦੇਸ਼ ਨੂੰ ਮੁਅੱਤਲ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਲਗਭਗ 500 ਪੁਲਿਸ ਕਰਮਚਾਰੀਆਂ ਨੇ ਫਾਊਂਡੇਸ਼ਨ ਦੇ ਆਸ਼ਰਮ ਦੀ ਵਿਆਪਕ ਤਲਾਸ਼ੀ ਲਈ ਹੈ ਅਤੇ ਹਰ ਖੇਤਰ ਦੀ ਜਾਂਚ ਕੀਤੀ ਹੈ। ਇਸ ਦੇ ਨਾਲ ਹੀ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਦੋ ਔਰਤਾਂ ਦੇ ਪਿਤਾ ਵੱਲੋਂ ਦਾਇਰ ਹੈਬੀਅਸ ਕਾਰਪਸ ਪਟੀਸ਼ਨ ਨੂੰ ਮਦਰਾਸ ਹਾਈ ਕੋਰਟ ਤੋਂ ਸੁਪਰੀਮ ਕੋਰਟ ਵਿੱਚ ਤਬਦੀਲ ਕਰ ਦਿੱਤਾ ਅਤੇ ਨਿਰਦੇਸ਼ ਦਿੱਤਾ ਕਿ ਪੁਲਿਸ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਅਧਾਰ ‘ਤੇ ਕੋਈ ਹੋਰ ਕਾਰਵਾਈ ਕਰਨ ਤੋਂ ਗੁਰੇਜ਼ ਕਰੇ।