ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਦੀ ਪੁਰਾਤਨ ਵਿਰਾਸਤ ਅਤੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਵਿਕਾਸ ਤੇ ਵਿਰਾਸਤ ਦੀ ਸਾਂਝੀ ਤਾਕਤ 21ਵੀਂ ਸਦੀ ਵਿੱਚ ਭਾਰਤ ਨੂੰ ਸਭ ਤੋਂ ਅੱਗੇ ਲਿਜਾਵੇਗੀ। ਮੋਦੀ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਸਾਰੀ ਦੁਨੀਆ ਬੇਸਬਰੀ ਨਾਲ 22 ਜਨਵਰੀ ਦੇ ਇਤਿਹਾਸਕ ਪਲ (ਨਵੇਂ ਬਣੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ) ਦੀ ਉਡੀਕ ਕਰ ਰਹੀ ਹੈ ਅਤੇ ਅਜਿਹੇ ’ਚ ਲੋਕਾਂ ਵਿੱਚ ਉਤਸ਼ਾਹ ਹੋਣਾ ਸੁਭਾਵਕ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਇੱਥੇ ਨਾ ਆਉਣ ਬਲਕਿ ਬਾਅਦ ਵਿੱਚ ਆਪਣੀ ਸਹੂਲਤ ਅਨੁਸਾਰ ਇੱਥੇ ਆਉਣ। ਉਨ੍ਹਾਂ ਨਾਗਰਿਕਾਂ ਨੂੰ ਇਸ ਮੌਕੇ ਘਰਾਂ ’ਚ ਦੀਵੇ ਬਾਲਣ ਦੀ ਅਪੀਲ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਅਯੁੱਧਿਆ ’ਚ ਆਪਣੇ ਸਵਾਗਤ ਤੇ ਰੋਡ ਸ਼ੋਅ ਦੀ ਚਰਚਾ ਕਰਦਿਆਂ ਕਿਹਾ, ‘ਭਾਰਤ ਦੀ ਮਿੱਟੀ ਦੇ ਕਣ-ਕਣ ਅਤੇ ਭਾਰਤ ਦੇ ਲੋਕਾਂ ਦਾ ਮੈਂ ਪੁਜਾਰੀ ਹਾਂ ਅਤੇ ਮੈਂ ਵੀ ਤੁਹਾਡੀ ਤਰ੍ਹਾਂ ਹੀ ਉਤਸ਼ਾਹਿਤ ਹਾਂ। ਸਾਡੇ ਸਾਰਿਆਂ ਦਾ ਇਹ ਉਤਸ਼ਾਹ, ਇਹ ਖੁਸ਼ੀ ਅਯੁੱਧਿਆ ਦੀਆਂ ਸੜਕਾਂ ’ਤੇ ਪੂਰੀ ਤਰ੍ਹਾਂ ਨਜ਼ਰ ਆ ਰਹੀ ਸੀ।’ ਪ੍ਰਧਾਨ ਮੰਤਰੀ ਨੇ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਅਤੇ ਮਹਾਰਿਸ਼ੀ ਵਾਲਮੀਕਿ ਦੇ ਨਾਂ ’ਤੇ ਬਣੇ ਆਧੁਨਿਕ ਕੌਮਾਂਤਰੀ ਹਵਾਈ ਅੱਡੇ ਬਾਰੇ ਕਿਹਾ, ‘ਇੱਥੇ ਵਿਕਾਸ ਦੀ ਖੂਬਸੂਰਤੀ ਦਿਖਾਈ ਦੇ ਰਹੀ ਹੈ ਤਾਂ ਕੁਝ ਦਿਨ ਬਾਅਦ ਇੱਥੇ ਵਿਰਾਸਤ ਦੀ ਅਲੌਕਿਕਤਾ ਦਿਖਾਈ ਦੇਣ ਵਾਲੀ ਹੈ।’ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ, ‘ਇਹੀ ਵਿਕਾਸ ਤੇ ਵਿਰਾਸਤ ਦੀ ਸਾਂਝੀ ਤਾਕਤ 21ਵੀਂ ਸਦੀ ’ਚ ਭਾਰਤ ਨੂੰ ਸਭ ਤੋਂ ਅੱਗੇ ਲਿਜਾਵੇਗੀ।’
ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ, ‘ਇੱਕ ਸਮਾਂ ਸੀ ਜਦੋਂ ਇਸੇ ਅਯੁੱਧਿਆ ’ਚ ਰਾਮ-ਲੱਲ੍ਹਾ ਟੈਂਟ ’ਚ ਵਿਰਾਜਮਾਨ ਸਨ। ਅੱਜ ਪੱਕਾ ਘਰ ਸਿਰਫ਼ ਰਾਮ-ਲੱਲ੍ਹਾ ਨੂੰ ਹੀ ਨਹੀਂ ਬਲਕਿ ਦੇਸ਼ ਦੇ ਚਾਰ ਕਰੋੜ ਗਰੀਬਾਂ ਨੂੰ ਮਿਲਿਆ ਹੈ।’ ਮੋਦੀ ਨੇ ਕਿਹਾ, ‘ਮੋਦੀ ਦੀ ਗਾਰੰਟੀ ’ਚ ਇੰਨੀ ਤਾਕਤ ਇਸ ਲਈ ਹੈ ਕਿਉਂਕਿ ਮੋਦੀ ਜੋ ਕਹਿੰਦਾ ਹੈ, ਉਸ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਲਗਾ ਦਿੰਦਾ ਹੈ। ਦਿਨ-ਰਾਤ ਇੱਕ ਕਰ ਦਿੰਦਾ ਹੈ। ਅਯੁੱਧਿਆ ਸ਼ਹਿਰ ਇਸ ਗੱਲ ਦਾ ਸਬੂਤ ਹੈ।’ ਉਜਵਲਾ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇਸ਼ ਦੀਆਂ ਕਰੋੜਾਂ ਮਾਵਾਂ ਤੇ ਭੈਣਾਂ ਦੀ ਜ਼ਿੰਦਗੀ ਬਦਲੀ ਹੈ। ਉਨ੍ਹਾਂ ਕਿਹਾ, ‘ਪੰਜ ਦਹਾਕਿਆਂ ਦੌਰਾਨ ਸਿਰਫ਼ 14 ਕਰੋੜ ਗੈਸ ਕੁਨੈਕਸ਼ਨ ਦਿੱਤੇ ਗਏ ਪਰ ਉਨ੍ਹਾਂ ਦੀ ਸਰਕਾਰ ਨੇ ਆਪਣੇ ਸਿਰਫ਼ ਇੱਕ ਦਹਾਕੇ ਦੇ ਕਾਰਜਕਾਲ ਦੌਰਾਨ ਹੀ 18 ਕਰੋੜ ਗੈਸ ਕੁਨੈਕਸ਼ਨ ਦਿੱਤੇ ਹਨ ਜਿਨ੍ਹਾਂ ’ਚੋਂ 10 ਕਰੋੜ ਕੁਨੈਕਸ਼ਨ ਇਸ ਯੋਜਨਾ ਤਹਿਤ ਮੁਫ਼ਤ ਦਿੱਤੇ ਗਏ ਹਨ।’ ਉਨ੍ਹਾਂ ਲੋਕਾਂ ਨੂੰ 14 ਤੋਂ 22 ਜਨਵਰੀ ਤੱਕ ਸਵੱਛਤਾ ਮੁਹਿੰਮ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਘੀ ਦੀ ਸੰਗਰਾਂਦ ਵਾਲੇ ਦਿਨ ਤੋਂ ਸਵੱਛਤਾ ਦੀ ਇੱਕ ਵੱਡੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਉਨ੍ਹਾਂ 30 ਦਸੰਬਰ ਨੂੰ ਇਤਿਹਾਸਕ ਤਾਰੀਕ ਕਰਾਰ ਦਿੰਦਿਆਂ ਕਿਹਾ ਕਿ ਇਸੇ ਦਿਨ 1943 ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ’ਚ ਝੰਡਾ ਲਹਿਰਾ ਕੇ ਆਜ਼ਾਦੀ ਦਾ ਐਲਾਨ ਕੀਤਾ ਸੀ ਅਤੇ ਅੱਜ ਇਸੇ ਮੌਕੇ ਉਹ ਆਜ਼ਾਦੀ ਦੇ ਅੰਮ੍ਰਿਤ ਕਾਲ ਦਾ ਸੰਕਲਪ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ, ‘ਅਯੁੱਧਿਆ ਨਗਰੀ ਤੋਂ ਨਵੀਂ ਊਰਜਾ ਮਿਲ ਰਹੀ ਹੈ। ਆਧੁਨਿਕ ਅਯੁੱਧਿਆ ਨੂੰ ਦੇਸ਼ ਦੇ ਨਕਸ਼ੇ ’ਤੇ ਮੁੜ ਤੋਂ ਮਾਣ ਨਾਲ ਸਥਾਪਤ ਕਰਾਂਗੇ।’ ਉਨ੍ਹਾਂ ਕਿਹਾ, ‘ਦੁਨੀਆ ਦਾ ਕੋਈ ਵੀ ਮੁਲਕ ਹੋਵੇ, ਜੇਕਰ ਉਸ ਨੇ ਵਿਕਾਸ ਦੀ ਉਚਾਈ ’ਤੇ ਪਹੁੰਚਣਾ ਹੈ ਤਾਂ ਉਸ ਨੂੰ ਆਪਣੀ ਵਿਰਾਸਤ ਸੰਭਾਲਣੀ ਪਵੇਗੀ।’ ਉਨ੍ਹਾਂ ਕਿਹਾ, ‘ਸਾਡੀ ਵਿਰਾਸਤ ਸਾਨੂੰ ਪ੍ਰੇਰਨਾ ਦਿੰਦੀ ਹੈ। ਸਾਨੂੰ ਰਹੀ ਰਾਹ ਦਿਖਾਉਂਦੀ ਹੈ। ਇਸ ਲਈ ਅੱਜ ਦਾ ਭਾਰਤ ਪੁਰਾਤਨਤਾ ਤੇ ਨਵੀਨਤਾ, ਦੋਵਾਂ ਨੂੰ ਇਕੱਠਿਆਂ ਕਰਕੇ ਅੱਗੇ ਵਧ ਰਿਹਾ ਹੈ।’