ਪਟਿਆਲਾ, 6 ਨਵੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਕੋਲ ਹੀ ਜਾ ਕੇ ਦੂਰ ਕਰਨ ਦਾ ਬੀੜਾ ਉਠਾਇਆ ਹੋਇਆ ਹੈ। ਸਿਹਤ ਮੰਤਰੀ ਅੱਜ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਪਟਿਆਲਾ ਦਿਹਾਤੀ ਦੀਆਂ ਵਾਰਡਾਂ 22, 26, 28 ਤੇ 29 ‘ਚ ਪੈਂਦੀਆਂ ਕਲੋਨੀਆਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਨ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਉਹ ਵੋਟਾਂ ਮੰਗਣ ਲਈ ਲੋਕਾਂ ਕੋਲ ਆਏ ਸਨ, ਉਸੇ ਤਰ੍ਹਾਂ ਲੋਕਾਂ ਦੇ ਕੰਮ ਕਰਨ ਲਈ ਵੀ ਲੋਕਾਂ ਕੋਲ ਜਾ ਰਹੇ ਹਨ।
ਸਿਹਤ ਮੰਤਰੀ ਨੇ ਇਸ ਮੌਕੇ ਗੋਬਿੰਦ ਬਾਗ, ਪੁਰਾਣਾ ਬਿਸ਼ਨ ਨਗਰ ਗਲੀ ਨੰਬਰ-9 ਮਸਜਿਦ ਨੇੜੇ ਅਤੇ ਤਫੱਜਲਪੁਰਾ ਦੀ ਪਾਣੀ ਵਾਲੀ ਟੈਂਕੀ ਦੇ ਪਾਰਕ ਵਿਖੇ ਲੋਕਾਂ ਦੇ ਮਸਲੇ ਸੁਣਕੇ ਮੌਕੇ ‘ਤੇ ਹੀ ਇਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ। ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ, ਏ.ਐਸ.ਪੀ. ਵੈਬਵ ਚੌਧਰੀ, ਐਸ.ਡੀ.ਐਮ. ਮਨਜੀਤ ਕੌਰ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਦੀਪਜੋਤ ਕੌਰ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਤੇ ਐਸ.ਐਮ.ਓ. ਡਾ. ਮੋਨਿਕਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਮੁੱਖ ਮੰਤਰੀ ਤੋਂ ਸਨ ਪਰੰਤੂ ਉਸ ਸਮੇਂ ਵੀ ਦਹਾਕਿਆਂ ਤੋਂ ਲਮਕਦੀਆਂ ਸਮੱਸਿਆਵਾਂ ਦੇ ਹੱਲ ਨਹੀਂ ਕਰਵਾਏ ਜਾ ਸਕੇ, ਕਿਉਂਕਿ ਉਨ੍ਹਾਂ ਦੀ ਨੀਅਤ ਤੇ ਨੀਤੀ ਵਿੱਚ ਖੋਟ ਸੀ, ਜਿਸ ਕਰਕੇ ਵੱਡੀ ਨਦੀ ਤੇ ਛੋਟੀ ਨਦੀ ਦੀ ਸਮੱਸਿਆ ਦਾ ਹੱਲ ਵੀ ਨਹੀਂ ਹੋ ਸਕਿਆ। ਸਿਹਤ ਮੰਤਰੀ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੇਕ ਨੀਤੀ ਤੇ ਚੰਗੀ ਨੀਅਤ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ ਤਰਜੀਹ ਦੇ ਰਹੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਤਫੱਜਲਪੁਰਾ ਦੇ ਪਾਰਕ ਨੇੜੇ ਨਵੇਂ ਬਾਥਰੂਮਜ਼ ਬਣਨਗੇ, ਟੁੱਟੀਆਂ ਸੜਕਾਂ ਦੀ ਮੁਰੰਮਤ ਪਹਿਲ ਦੇ ਅਧਾਰ ‘ਤੇ ਹੋਵੇਗੀ, ਸਟਰੀਟ ਲਾਈਟਾਂ ਇੱਕ ਮਹੀਨੇ ਦੇ ਅੰਦਰ-ਅੰਦਰ ਲੱਗ ਜਾਣਗੀਆਂ। ਉਨ੍ਹਾਂ ਨੇ ਗੋਬਿੰਦ ਬਾਗ ਵਿਖੇ ਪਾਰਕ ਬਣਾਉਣ, ਐਲੀਮੈਂਟਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ, ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਰਬੰਧਾਂ ਲਈ ਖੂਹ ਬਣਾਉਣ ਸਮੇਤ ਹੋਰ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਨੇ ਮੁਸਲਿਮ ਕਲੋਨੀ ਵਿਖੇ ਬਿਜਲੀ ਦੇ ਖੰਭਿਆਂ ਦੀ ਸਮੱਸਿਆ ਦੂਰ ਕਰਨ ਤੇ ਪਾਣੀ ਦੀ ਸਪਲਾਈ ਬਹਾਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਜਸਵੀਰ ਗਾਂਧੀ, ਮੋਹਿਤ ਕੁਮਾਰ, ਜਯੋਤੀ ਮਰਵਾਹਾ, ਸੁਰੇਸ਼ ਰਾਏ, ਮਨਦੀਪ ਸਿੰਘ, ਗੁਰਕ੍ਰਿਪਾਲ ਸਿੰਘ, ਗੱਜਣ ਸਿੰਘ, ਹਰਿੰਦਰ ਕੋਹਲੀ, ਮੁਕਤਾ ਗੁਪਤਾ, ਬਬਲੀ ਬੇਗਮ, ਵਜੀਰ ਖਾਨ, ਰਕੇਸ਼ ਗੁਪਤਾ, ਸੁਨੀਤਾ ਗੁਪਤਾ, ਲਾਲ ਸਿੰਘ, ਸਾਬਕਾ ਐਮ.ਸੀ ਗਿਆਨ ਚੰਦ, ਰੁਪਾਲੀ ਗਰਗ, ਹਰਿੰਦਰ ਕੁਮਾਰ, ਰਾਜ ਕੁਮਾਰ, ਪ੍ਰਦੀਪ ਗਰਗ ਅਤੇ ਇਲਾਕੇ ਦੇ ਵਸਨੀਕ, ਮਾਨਵ ਸੇਵਾ ਸਦਨ ਤੇ ਰੈਜੀਡੈਂਟਸ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।