‘ਅਮਰੀਕਾ ਡੋਰਜ਼ ਰਿਪੋਰਟ’ ਅਨੁਸਾਰ ਅਮਰੀਕਾ ’ਚ ਪੜ੍ਹਾਈ ਕਰ ਰਹੇ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 25 ਫੀਸਦ ਤੋਂ ਵੱਧ ਹੈ ਅਤੇ ਇਸ ਸਾਲ ਵੀ ਰਿਕਾਰਡ ਗਿਣਤੀ ’ਚ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਏ ਹਨ। ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੈਟੀ ਨੇ ਕਿਹਾ, ‘ਤੁਸੀਂ ਕਰ ਦਿਖਾਇਆ ਭਾਰਤ! ਅਮਰੀਕਾ ’ਚ ਭਾਰਤੀ ਵਿਦਿਆਰਥੀ ਅਤੇ ਉਨ੍ਹਾਂ ਦੀ ਕਾਮਯਾਬੀ ’ਚ ਸਹਿਯੋਗ ਕਰਨ ਵਾਲੇ ਪਰਿਵਾਰ ਇਸ ਪ੍ਰਾਪਤੀ ਲਈ ਸਨਮਾਨ ਦੇ ਪਾਤਰ ਹਨ। ਵਿਦੇਸ਼ ’ਚ ਅਧਿਐਨ ਕਰਨ ਦਾ ਫ਼ੈਸਲਾ ਅਤੇ ਅਮਰੀਕਾ ਨੂੰ ਚੁਣਨਾ ਤੁਹਾਡੇ ਤੇ ਤੁਹਾਡੇ ਪਰਿਵਾਰਾਂ ਵੱਲੋਂ ਕੀਤੇ ਗਏ ਕੀਮਤੀ ਨਿਵੇਸ਼ ਨੂੰ ਦਰਸਾਉਂਦਾ ਹੈ। ਤੁਸੀਂ ਦੋਵੇਂ ਮੁਲਕਾਂ ਨੂੰ ਨੇੜੇ ਲਿਆ ਰਹੇ ਹੋ ਅਤੇ ਸਾਨੂੰ ਰੋਸ਼ਨ ਭਵਿੱਖ ਵੱਲ ਲਜਿਾ ਰਹੇ ਹੋ।’ ਗਾਰਸੈਟੀ ਨੇ ਕਿਹਾ, ‘ਅਸੀਂ ਭਾਰਤੀ ਸਿੱਖਿਆ ਪ੍ਰਬੰਧ ਦੀ ਸ਼ਲਾਘਾ ਕਰਦੇ ਹਾਂ ਜਿਸ ਨੇ ਵਿਦਿਆਰਥੀਆਂ ਨੂੰ ਆਲਮੀ ਪੱਧਰ ’ਤੇ ਮੁਕਾਬਲੇ ਲਈ ਤਿਆਰ ਕੀਤਾ। ਭਾਰਤ ਨੂੰ ਮੋਹਰੀ ਰਹਿੰਦੇ ਦੇਖਣ ਲਈ ਉਤਸ਼ਾਹਿਤ ਹਾਂ।’
ਓਪਨ ਡੋਰਜ਼ ਰਿਪੋਰਟ ਅਨੁਸਾਰ ਭਾਰਤ 2009-10 ਤੋਂ ਬਾਅਦ ਪਹਿਲੀ ਵਾਰ ਅਮਰੀਕਾ ’ਚ ਵਿਦੇਸ਼ੀ ਗਰੈਜੂਏਟ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਨ ਦੇ ਮਾਮਲੇ ’ਚ ਚੀਨ ਨੂੰ ਪਛਾੜ ਦਿੱਤਾ ਹੈ। ਗਰੈਜੂਏਸ਼ਨ ਕਰ ਚੁੱਕੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 63 ਫੀਸਦ ਵਧ ਕੇ 1,65,936 ਹੋ ਗਈ ਹੈ। ਪਿਛਲੇ ਸਾਲ ਮੁਕਾਬਲੇ ਤਕਰੀਬਨ 64 ਹਜ਼ਾਰ ਵਿਦਿਆਰਥੀਆਂ ਦਾ ਵਾਧਾ ਹੋਇਆ ਹੈ ਜਦਕਿ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ ’ਚ ਵੀ 16 ਫੀਸਦ ਦਾ ਵਾਧਾ ਹੋਇਆ ਹੈ।