ਮੁੰਬਈ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)– ਸੰਨੀ ਦਿਓਲ ਤੇ ਅਮੀਸ਼ਾ ਪਟੇਲ ‘ਗਦਰ 2’ ਲੈ ਕੇ ਆ ਰਹੇ ਹਨ, ਜੋ 2001 ’ਚ ਰਿਲੀਜ਼ ਹੋਈ ਫ਼ਿਲਮ ‘ਗਦਰ’ ਦਾ ਸੀਕੁਅਲ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਫ਼ਿਲਮ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਕੀਤਾ।
ਇਸ ਪੋਸਟਰ ’ਚ ਸੰਨੀ ਤੇ ਉਤਕਰਸ਼ ਸ਼ਰਮਾ ਸਰਹੱਦ ’ਤੇ ਦੌੜਦੇ ਨਜ਼ਰ ਆ ਰਹੇ ਹਨ। ਫ਼ਿਲਮ ’ਚ ਸੰਨੀ, ਤਾਰਾ ਸਿੰਘ ਤੇ ਉਤਕਰਸ਼ ਉਨ੍ਹਾਂ ਦੇ ਪੁੱਤਰ ਜੀਤੇ ਦੀ ਭੂਮਿਕਾ ’ਚ ਨਜ਼ਰ ਆਉਣਗੇ।
ਫ਼ਿਲਮ ਦੇ ਨਵੇਂ ਮੋਸ਼ਨ ਪੋਸਟਰ ਨੂੰ ਸ਼ੇਅਰ ਕਰਦਿਆਂ ਮੇਕਰਸ ਨੇ ਲਿਖਿਆ, ‘‘ਪਿਤਾ ਦੇ ਪਿਆਰ ਦੀ ਕੋਈ ਹੱਦ ਨਹੀਂ।’’ ਵੀਡੀਓ ’ਚ ਸੰਨੀ ਤੇ ਉਤਕਰਸ਼ ਭਾਰਤ-ਪਾਕਿਸਤਾਨ ਸਰਹੱਦ ’ਤੇ ਦੌੜ ਰਹੇ ਹਨ ਤੇ ਉਨ੍ਹਾਂ ’ਤੇ ਚਾਰੋਂ ਪਾਸਿਓਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ।
ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਸੰਨੀ ਦਿਓਲ ਨੇ ਲਿਖਿਆ, ‘‘ਆਪਣੇ ਦੇਸ਼ ਤੇ ਪਰਿਵਾਰ ਦੀ ਰੱਖਿਆ ਲਈ ਇਹ ਤਾਰਾ ਸਿੰਘ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।’’ ਉਨ੍ਹਾਂ ਦੀ ਇਸ ਪੋਸਟ ’ਤੇ ਫਾਲੋਅਰਜ਼ ਨੇ ਕੁਮੈਂਟ ਸੈਕਸ਼ਨ ’ਚ ਆਪਣਾ ਉਤਸ਼ਾਹ ਦਿਖਾਇਆ ਹੈ।
ਇਕ ਯੂਜ਼ਰ ਨੇ ਟਿੱਪਣੀ ਕੀਤੀ, ‘‘ਮੈਂ ਇਸ ਫ਼ਿਲਮ ਦਾ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ। ਬਹੁਤ ਉਤਸ਼ਾਹਿਤ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਜੇ ਪੋਸਟਰ ਇੰਨੇ ਖ਼ਤਰਨਾਕ ਹਨ ਤਾਂ ਫ਼ਿਲਮ ਕੀ ਹੋਵੇਗੀ?’’
ਅਨਿਲ ਸ਼ਰਮਾ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਦੀ ਕਹਾਣੀ 1971 ਦੀ ਹੈ। ਫ਼ਿਲਮ ’ਚ ਸੰਨੀ ਦਿਓਲ, ਅਮੀਸ਼ਾ ਪਟੇਲ ਤੇ ਅਨਿਲ ਸ਼ਰਮਾ ਦੇ ਪੁੱਤਰ ਉਤਕਰਸ਼ ਸ਼ਰਮਾ ਦੀ ਅਹਿਮ ਭੂਮਿਕਾ ਹੈ। ਉਤਕਰਸ਼ ਨੇ 2018 ’ਚ ਫ਼ਿਲਮ ‘ਜੀਨੀਅਸ’ ਨਾਲ ਡੈਬਿਊ ਕੀਤਾ ਸੀ।