ਪਟਿਆਲਾ 17 ਜੁਲਾਈ:
ਪਟਿਆਲਾ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਦਸਤ ਤੇ ਉਲਟੀਆਂ ਦੀ ਸ਼ਿਕਾਇਤ ਸਾਹਮਣੇ ਆਉਣ ਦੇ ਮਾਮਲਿਆਂ ਦਾ ਅੱਜ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਦੇਸ਼ ਕੀਤੇ ਹਨ ਕਿ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਕਲੋਰੀਨੇਸ਼ਨ ਦਾ ਸਬੰਧਤ ਵਿਭਾਗ ਸਰਟੀਫਿਕੇਟ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਮੁਤਾਬਕ ਕਿਸੇ ਵੀ ਨਾਗਰਿਕ ਦੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ ਇਸ ਲਈ ਜਿਸ ਕਿਸੇ ਵੀ ਅਧਿਕਾਰੀ ਦੀ ਕੋਈ ਅਣਗਹਿਲੀ ਸਾਹਮਣੇ ਆਈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਨਗਰ ਨਿਗਮ ਦੇ ਕਮਿਸ਼ਨਰ, ਸਾਰੇ ਏ.ਡੀ.ਸੀਜ, ਐਸ.ਡੀ.ਐਮਜ਼, ਸਿਵਲ ਸਰਜਨ, ਸਮੂਹ ਕਾਰਜ ਸਾਧਕ ਅਫ਼ਸਰ, ਜਲ ਸਪਲਾਈ ਤੇ ਸੈਨੀਟੇਸ਼ਨ ਤੇ ਸੀਵਰੇਜ ਬੋਰਡ ਤੇ ਬੀ.ਡੀ.ਪੀ.ਓਜ. ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਜਿਹੜੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੇ ਗ਼ੈਰਕਾਨੂੰਨੀ ਤੇ ਟੁੱਲੂ ਪੰਪਾਂ ਵਾਲੇ ਕੁਨੈਕਸ਼ਨ ਲਗਾਏ ਹੋਏ ਹਨ, ਜਿੱਥੇ ਪਿਛਲੇ ਸਾਲ ਉਲਟੀਆਂ ਤੇ ਦਸਤਾਂ ਦੀ ਬਿਮਾਰੀ ਫੈਲੀ ਸੀ ਅਤੇ ਜਿੱਥੇ ਪੀਣ ਵਾਲੇ ਦੀਆਂ ਪਾਇਪਾਂ ਪੁਰਾਣੀਆਂ ਹਨ, ਉਨ੍ਹਾਂ ਇਲਾਕਿਆਂ ਦਾ ਸਰਵੇ ਕਰਕੇ ਰਿਪੋਰਟ ਸੌਂਪੀਂ ਜਾਵੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਦੇ ਕਾਰਜ ਸਾਧਕ ਇਹ ਰਿਪੋਰਟ ਏ.ਡੀ.ਸੀ. ਸ਼ਹਿਰੀ ਵਿਕਾਸ ਨੂੰ ਅਤੇ ਬੀ.ਡੀ.ਪੀ.ਓਜ ਆਪਣੀ ਰਿਪੋਰਟ ਏ.ਡੀ.ਸੀ. ਦਿਹਾਤੀ ਵਿਕਾਸ ਨੂੰ ਸੌਂਪਣਗੇ ਤੇ ਕਾਪੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਭਰਕੇ ਦੋ ਦਿਨਾਂ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ ਤੇ ਜੇਕਰ ਪਾਣੀ ‘ਚ ਕੋਈ ਬੈਕਟੀਰੀਆ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਮਹਿਕਮੇ ਤੁਰੰਤ ਹਰਕਤ ‘ਚ ਆਉਣ।
ਸ਼ੌਕਤ ਅਹਿਮਦ ਪਰੇ ਨੇ ਪਾਤੜਾਂ ਦੇ ਵਾਰਡ ਨੰਬਰ 15, ਪਟਿਆਲਾ ਦੇ ਝਿੱਲ ਤੇ ਨਾਲ ਲੱਗਦੇ ਇਲਾਕੇ, ਭਰਤ ਨਗਰ ਅਤੇ ਨਿਊ ਮਹਿੰਦਰਾ ਕਲੋਨੀ ਆਦਿ ਵਿੱਚ ਉਲਟੀਆਂ ਤੇ ਦਸਤਾਂ ਦੇ ਮਰੀਜ ਆਉਣ ਦੀ ਸਮੀਖਿਆ ਕਰਦਿਆਂ ਕਿਹਾ ਕਿ ਅਜਿਹੇ ਪ੍ਰਭਾਵਤ ਇਲਾਕਿਆਂ ਵਿੱਚ ਪੀਣ ਵਾਲਾ ਸਾਫ਼ ਪਾਣੀ ਸਟੀਲ ਦੇ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾਵੇ। ਸਿਹਤ ਵਿਭਾਗ ਓ.ਆਰ.ਐਸ. ਦੇ ਪੈਕਟ ਤੇ ਕਲੋਰੀਨ ਦੀਆਂ ਗੋਲੀਆਂ ਵੰਡਣ ਸਮੇਤ ਮੈਡੀਕਲ ਟੀਮਾਂ ਵੀ ਕਾਰਵਾਈ ਕਰਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਉਲਟੀ ਦਸਤ ਅਤੇ ਡਾਇਰੀਆ ਦੇ ਕੇਸਾਂ ਨੂੰ ਕੰਟਰੋਲ ਕਰਨ ਲਈ ਪੀਣ ਦੇ ਪਾਣੀ ਨੂੰ ਸਾਫ ਬਰਤਨ ਵਿੱਚ ਸਟੋਰ ਕੀਤਾ ਜਾਵੇ। ਘਰਾਂ ਵਿੱਚ ਸਪਲਾਈ ਦੇ ਤੌਰ ‘ਤੇ ਟੂਟੀਆਂ ਰਾਹੀਂ ਆ ਰਹੇ ਪਾਣੀ ਵਿੱਚ ਖਰਾਬੀ ਆਉਣ ਤੇ ਜਿਵੇਂ ਕਿ ਗੰਦਲਾ ਪਾਣੀ ਜਾਂ ਬਦਬੂ ਆਉਣ ‘ਤੇ ਤੁਰੰਤ ਉਸਦੀ ਸੂਚਨਾ ਪਾਣੀ ਸਪਲਾਈ ਕਰ ਰਹੇ ਮਹਿਕਮੇ ਨਗਰ ਨਿਗਮ, ਮਿਉਂਸਪਲ ਕਮੇਟੀ / ਪੰਚਾਇਤਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਤਾਂ ਜੋ ਉਹਨਾਂ ਵੱਲੋਂ ਦਰੁਸਤੀ ਕੀਤੀ ਜਾ ਸਕੇ।
ਇਸ ਤੋਂ ਬਿਨ੍ਹਾਂ ਇੱਕ ਘਰ ਵਿੱਚ ਦੋ ਤੋਂ ਵੱਧ ਜਾ ਇਲਾਕੇ ਵਿੱਚ ਇੱਕ ਤੋਂ ਵੱਧ ਘਰ ਪ੍ਰਭਾਵਿਤ ਹੋਣ ਤੇ ਸੂਚਨਾ ਸਿਹਤ ਵਿਭਾਗ ਦੇ ਆਪਣੇ ਇਲਾਕੇ ਦੀ ਆਸ਼ਾ ਵਰਕਰ ਜਾਂ ਏਐਨਐਮ ਨੂੰ ਦਿੱਤੀ ਜਾਵੇ। ਆਊਟ ਬ੍ਰੇਕ ਮਤਲਬ ਇਕੱਠੇ ਕੇਸ ਆਉਣ ਦੀ ਸੂਰਤ ਵਿੱਚ ਸਿਹਤ ਵਿਭਾਗ ਵੱਲੋਂ ਵੰਡੇ ਜਾ ਰਹੇ ਓ.ਆਰ.ਐਸ ਦੇ ਪੈਕਟ ਅਤੇ ਕਲੋਰੀਨ ਦੀਆਂ ਗੋਲੀਆਂ ਦੀ ਦੱਸੇ ਅਨੁਸਾਰ ਵਰਤੋਂ ਕਰੋ।ਪਾਣੀ ਦੀ ਖਰਾਬੀ ਕਰਨ ਡਾਇਰੀਆ ਆਊਟ ਬ੍ਰੇਕ ਦੀ ਸਥਿਤੀ ਵਿੱਚ ਸਪਲਾਈ ਕੀਤੇ ਜਾ ਰਹੇ ਟੈਂਕਰਾਂ ਰਾਹੀਂ ਸ਼ੁੱਧ ਪਾਣੀ ਦੀ ਵਰਤੋਂ ਕਰੋ ਜਾਂ ਕਲੋਰੀਨ ਦੀ ਗੋਲੀ ਪਾ ਕੇ ਅੱਧੇ ਘੰਟੇ ਬਾਅਦ ਉਸ ਪਾਣੀ ਨੂੰ ਪੀਣ ਲਈ ਇਸਤੇਮਾਲ ਕਰੋ। ਸਰਕਾਰੀ ਮੇਨ ਲਾਈਨ ਸਪਲਾਈ ਵਿੱਚੋਂ ਆਪਣੇ ਪੱਧਰ ਤੇ ਪਾਣੀ ਦੇ ਬਿਨਾ ਮਨਜ਼ੂਰੀ ਕੁਨੈਕਸ਼ਨ ਜੋੜਨੇ ਗ਼ੈਰ ਕਾਨੂੰਨੀ ਹੈ ਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦਾ ਹੈ, ਇਸ ਲਈ ਅਜਿਹੇ ਗ਼ੈਰ ਕਾਨੂੰਨੀ ਕੁਨੈਕਸ਼ਨ ਨਾ ਲਗਾਏ ਜਾਣ।
ਮੀਟਿੰਗ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ, ਏ.ਡੀ.ਸੀ. (ਜ) ਕੰਚਨ, ਏ.ਡੀ.ਸੀ. ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ, ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਪੀ.ਡੀ.ਏ. ਦੇ ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ, ਐਸ.ਡੀ.ਐਮ. ਸਮਾਣਾ ਰਿਚਾ ਗੋਇਲ ਤੇ ਸਹਾਇਕ ਕਮਿਸ਼ਨਰ ਮਨਜੀਤ ਕੌਰ, ਸਿਵਲ ਸਰਜਨ ਡਾ. ਸੰਜੇ ਗੋਇਲ, ਡੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਸਮੂਹ ਕਾਰਜ ਸਾਧਕ ਅਫ਼ਸਰ, ਬੀ.ਡੀ.ਪੀ.ਓਜ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ, ਡਾ. ਕੁਸ਼ਲਦੀਪ ਗਿੱਲ, ਡਾ. ਸੁਮੀਤ ਸਿੰਘ ਤੇ ਡਾ. ਦਿਵਜੋਤ ਸਿੰਘ ਵੀ ਮੌਜੂਦ ਸਨ।