ਪਟਿਆਲਾ, 30 ਜੂਨ (ਪ੍ਰੈਸ ਕਿ ਤਾਕਤ ਬਿਊਰੋ) :-
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਲੀਕੀ ਸਾਂਝੀ ਵਿਉਂਤਬੰਦੀ ਦਾ ਜਾਇਜ਼ਾ ਲਿਆ। ਮੀਟਿੰਗ ‘ਚ ਉਨ੍ਹਾਂ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਨਸ਼ਾ ਮੁਕਤੀ ਗਤੀਵਿੱਧੀਆਂ ਨੂੰ ਹੋਰ ਤੇਜ ਕੀਤਾ ਜਾਵੇ ਅਤੇ ਨਸ਼ਾਖੋਰੀ ‘ਤੇ ਕਾਬੂ ਪਾਉਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਨੂੰ ਜਮੀਨੀ ਪੱਧਰ ਤੱਕ ਲਿਜਾਇਆ ਜਾਵੇ।
ਸਾਕਸ਼ੀ ਸਾਹਨੀ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਖਾਸ ‘ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਨਸ਼ਿਆਂ ਵਿਰੁੱਧ ਵਿੱਢੀ ਵਿਆਪਕ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਤੋਂ ਬਿਨ੍ਹਾਂ ਨਸ਼ਿਆਂ ਦੇ ਹਾਟ-ਸਪਾਟ ਵਜੋਂ ਪਛਾਣੇ ਪਿੰਡਾਂ ਤੇ ਹੋਰਨਾਂ ਇਲਾਕਿਆਂ, ਵਿਚ ਵੀ ਨਸ਼ਿਆਂ ਦੀ ਵਿਕਰੀ ਬੰਦ ਕਰਨ ਲਈ ਸਿੱਟਾ ਮੁਖੀ ਕਾਰਵਾਈ ਯਕੀਨੀ ਬਣਾਈ ਜਾਵੇ।
ਮੀਟਿੰਗ ਮੌਕੇ ਡੀ.ਐਸ.ਪੀ. ਸੁਖਅੰਮਿਤ ਸਿੰਘ ਰੰਧਾਵਾ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਕੀਤੇ ਯਤਨਾਂ ਬਾਰੇ ਦੱਸਣ ‘ਤੇ ਡਿਪਟੀ ਕਮਿਸ਼ਨਰ ਨੇ ਪੁਲਿਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਇਸ ਨੂੰ ਹੋਰ ਤੇਜ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਜ਼ਿਲ੍ਹੇ ਦੇ ਕਰੀਬ 194 ਪਿੰਡਾਂ ਨੂੰ ਨਸ਼ਾ ਮੁਕਤ (ਨਸ਼ਿਆਂ ਦੀ ਵਿਕਰੀ ਤੋਂ ਰਹਿਤ) ਬਣਾਉਣ ਦੀ ਕਾਰਵਾਈ ਸਾਰੇ ਪਿੰਡਾਂ ਵਿੱਚ ਪਹੁੰਚਾਉਣ ਲਈ ਵੀ ਕਿਹਾ।
ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ 1 ਜਨਵਰੀ 2023 ਤੋਂ ਹੁਣ ਤੱਕ ਕਰੀਬ 7.5 ਲੱਖ ਡਰੱਗ ਮਨੀ ਜ਼ਬਤ ਕੀਤੀ ਹੈ ਅਤੇ 376 ਮੁਕਦਮੇ ਦਰਜ ਕਰਕੇ 440 ਭੈੜੇ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਤਰ੍ਹਾਂ 37 ਕਿਲੋ 840 ਗ੍ਰਾਮ ਅਫ਼ੀਮ, 1442 ਕਿੱਲੋ ਭੁੱਕੀ 2.5 ਕਿੱਲੋ ਹੈਰੋਇਨ ਤੇ ਸਮੈਕ, 3 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਤੇ 33 ਹਜਾਰ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਨਸ਼ਿਆਂ ਦੇ ਕਾਲੇ ਧੰਦੇ ‘ਚ ਲੱਗੇ ਲੋਕਾਂ ਦੇ ਪੁਨਰਵਸੇਬਾ ਦੀ ਤਜਵੀਜ਼ ਬਣਾਉਣ ‘ਤੇ ਜ਼ੋਰ ਦਿੰਦਿਆਂ ਨਸ਼ਾ ਮੁਕਤੀ ਲਈ ਪ੍ਰਭਾਵਸ਼ਾਲੀ ਢੰਗ ਤਰੀਕੇ ਵਰਤਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਮੁਤਾਬਕ ਨਸ਼ਾ ਕਰਦੇ ਵਿਅਕਤੀਆਂ ਤੋਂ ਨਸ਼ੇ ਦੀ ਲਤ ਛੁਡਾ ਕੇ ਸਿਹਤਮੰਦ ਬਣਾਉਣ ਲਈ ਦੋਸਤਾਨਾ ਢੰਗ ਵਰਤੇ ਜਾਣ ਪਰੰਤੂ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇ।
ਸਾਕਸ਼ੀ ਸਾਹਨੀ ਨੇ ਨਸ਼ਿਆਂ ਦੀ ਲਤ ਦੇ ਸ਼ਿਕਾਰ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਦੇ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ ‘ਸਹਿਯੋਗੀ ਹੈਲਪਲਾਈਨ 0175-2213385’ ਨਾਲ ਸੰਪਰਕ ਕਰਕੇ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਸਮੇਤ ਇਲਾਜ ਨਾਲ ਸਬੰਧਤ ਸਲਾਹ ਮਸ਼ਵਰਾ ਕਰ ਸਕਦੇ ਹਨ।
ਸਾਕਸ਼ੀ ਸਾਹਨੀ ਨੇ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਧਾਇਕ ਸਾਹਿਬਾਨ ਦੇ ਸਹਿਯੋਗ ਨਾਲ ਪਿੰਡਾਂ ਤੇ ਖਾਸ ਕਰਕੇ ਨਸ਼ਿਆਂ ਦੀ ਵਿੱਕਰੀ ‘ਚ ਸ਼ਾਮਲ ਪਿੰਡਾਂ ਦੇ ਲੋਕਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਇਸ ਬੁਰਾਈ ਤੋਂ ਦੂਰ ਕਰਨ ਲਈ ਐਨ.ਜੀ.ਓਜ਼ ਦੀ ਵੀ ਮਦਦ ਲੈਣ ਤੇ ਇੱਥੇ ਖੇਡ ਤੇ ਲਾਇਬ੍ਰੇਰੀ ਸੱਭਿਆਚਾਰ ਪ੍ਰਫੁਲਤ ਕਰਕੇ ਨੌਜਵਾਨਾਂ ਨੂੰ ਸਹੀ ਸੇਧ ਦਿਵਾਉਣ ਲਈ ਸਾਂਝੇ ਯਤਨ ਕਰਨ।
ਮੀਟਿੰਗ ‘ਚ ਐਸ.ਡੀ.ਐਮਜ਼ ਚਰਨਜੀਤ ਸਿੰਘ, ਤਰਸੇਮ ਚੰਦ, ਕਿਰਪਾਲਵੀਰ ਸਿੰਘ, ਨਵਦੀਪ ਕੁਮਾਰ ਤੇ ਪਰਲੀਨ ਕੌਰ ਬਰਾੜ, ਡੀ.ਐਸ.ਪੀ. ਸੁਖਅੰਮਿਤ ਸਿੰਘ ਰੰਧਾਵਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡੀ.ਸੀ.ਓ. ਸੁਧਾ ਦਹਿਲ, ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ ਅਤੇ ਹੋਰ ਅਧਿਕਾਰੀ ਮੌਜੂਦ ਸਨ।