ਸਿਰਸਾ, 3 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)
ਮਹੀਨੇ ਤੋਂ ਮਿੰਨੀ ਸਕੱਤਰੇਤ ਦੇ ਬਾਹਰ ਤਨਖਾਹਾਂ ਲਈ ਧਰਨਾ ਤੇ ਭੁੱਖ ਹੜਤਾਲ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਨੇ ਅੱਜ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਸਾਹਮਣੇ ਖਾਲ੍ਹੀ ਭਾਂਡੇ ਖੜ੍ਹਕਾਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਲੈਰੀਕਲ ਸਟਾਫ ਮਾਸਿਕ 35400 ਤਨਖਾਹ ਦੀ ਮੰਗ ਨੂੰ ਲੈ ਕੇ ਮਹੀਨੇ ਤੋਂ ਹੜਤਾਲ ’ਤੇ ਹੈ। ਇਸ ਮੌਕੇ ’ਤੇ ਬੁਲਾਰਿਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦਾ ਕਲੈਰੀਕਲ ਸਟਾਫ 35400 ਤਨਖਾਹ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਚੱਲ ਰਿਹਾ ਹੈ। ਵਿਭਾਗਾਂ ਦੇ ਹੋਰ ਮੁਲਾਜ਼ਮਾਂ ਦੀ ਤਨਖਾਹ ਤਾਂ ਵਧਾਈ ਗਈ ਪਰ ਕਲਰਕਾਂ ਨੂੰ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਲਰਕਾਂ ਦੀ ਤਨਖਾਹ 35400 ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਲੈਰੀਕਲ ਸਟਾਫ ਦੀਆਂ ਮਹਿਲਾਵਾਂ ਸਮੇਤ ਵੱਡੀ ਗਿਣਤੀ ’ਚ ਕਰਮਚਾਰੀ ਮੌਜੂਦ ਸਨ।