ਪਟਿਆਲਾ, 25 ਜੁਲਾਈ:
ਸਮਾਣਾ ਹਲਕੇ ਦੇ ਪਿੰਡ ਖੇੜੀ ਗੌੜੀਆਂ ਵਿਖੇ ਅੱਜ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਨ ਸੁਵਿਧਾ ਕੈਂਪ ਮੌਕੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਅਤੇ ਐਸ.ਡੀ.ਐਮ. ਅਰਵਿੰਦ ਕੁਮਾਰ ਨੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਇਆ। ਦੋਵਾਂ ਅਧਿਕਾਰੀਆਂ ਨੇ ਸਥਾਨਕ ਵਸਨੀਕਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਅਤੇ ਮੌਕੇ ‘ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਨਿਰਦੇਸ਼ ਦਿੱਤੇ।
ਕੈਂਪ ਮੌਕੇ ਸੱਜਾ ਹੱਥ ਟੋਕੇ ਵਿੱਚ ਕਟਵਾ ਚੁੱਕੀ ਇੱਕ ਬਜੁਰਗ ਮਹਿਲਾ ਨੂੰ ਮਿਲਕੇ ਏ.ਡੀ.ਸੀ. ਡਾ. ਬੇਦੀ ਨੇ ਇਸ ਨੂੰ ਦਿਵਿਆਂਗਜਨ ਵਾਲੇ ਸਾਰੇ ਲਾਭ ਦਿਵਾਉਣ ਲਈ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹਾ ਅਧਿਕਾਰੀ ਲੋਕਾਂ ਦੇ ਮਸਲੇ ਹੱਲ ਕਰਨ ਲਈ ਉਨ੍ਹਾਂ ਦੇ ਘਰਾਂ ਨੇੜੇ ਹੀ ਲਗਾਤਾਰ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕ ਹਫ਼ਤੇ ‘ਚ ਦੋ ਪਿੰਡਾਂ ਅੰਦਰ ਲੱਗ ਰਹੇ ਅਜਿਹੇ ਕੈਂਪਾਂ ਦਾ ਲਾਭ ਉਠਾ ਰਹੇ ਹਨ। ਏ.ਡੀ.ਸੀ. ਨੇ ਦੱਸਿਆ ਕਿ ਇਸ ਕੈਂਪ ਲਈ ਸਮਾਣਾ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਇਸ ਕੈਂਪ ਦਾ ਲਾਭ ਲੈਣ ਲਈ ਪ੍ਰੇਰਤ ਕੀਤਾ ਹੈ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਖ਼ੁਦ ਚੱਲਕੇ ਲੋਕਾਂ ਦੇ ਘਰਾਂ ਦੇ ਨੇੜੇ ਪੁੱਜਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਮੌਕੇ ‘ਤੇ ਹੀ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ। ਏ.ਡੀ.ਸੀ. ਅਤੇ ਐਸ.ਡੀ.ਐਮ. ਅਰਵਿੰਦ ਕੁਮਾਰ ਨੇ ਪਿੰਡ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਵੀ ਕਰਵਾਈ।
ਪਿੰਡ ਦੇ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਆਪਣੇ ਕੰਮਾਂ ਕਰਵਾਉਣ ਦੀ ਸਹੂਲਤ ਉਨ੍ਹਾਂ ਦੇ ਪਿੰਡ ਵਿੱਚ ਹੀ ਪ੍ਰਦਾਨ ਕੀਤੀ ਹੈ, ਜਿਸ ਕਰਕੇ ਹੁਣ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ‘ਚ ਜਾਣ ਦੀ ਲੋੜ ਨਹੀਂ ਰਹੀ। ਇਸ ਮੌਕੇ ਤਮਾਸ਼ਾ ਆਰਟ ਥੀਏਟਰ ਪਟਿਆਲਾ ਨੇ ਰੁੱਖ ਲਗਾਉ ਵਾਤਾਵਰਣ ਬਚਾਉ ਉਪਰ ਨੁੱਕੜ ਨਾਟਕ ਅਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਚੌਥੀ ਕਲਾਸ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਕੋਰੀਓਗ੍ਰਾਫ਼ੀ ਦੀ ਪੇਸ਼ਕਾਰੀ ਕੀਤੀ।
ਜਨ ਸੁਵਿਧਾ ਕੈਂਪ ਦੌਰਾਨ ਰਾਸ਼ਨ ਕਾਰਡ ਵਿੱਚ ਆਪਣੇ ਪਰਿਵਾਰਕ ਜੀਆਂ ਦੇ ਨਾਮ ਜੋੜਨ, ਆਧਾਰ ਕਾਰਡ ਅਪਡੇਸ਼ਨ, ਅੰਗਹੀਣਤਾ, ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਮੁਸ਼ਕਿਲਾਂ ਦੇ ਨਿਪਟਾਰੇ ਲਈ ਦਰਖਾਸਤਾਂ, ਸਿਹਤ ਵਿਭਾਗ ਵੱਲੋਂ ਮਰੀਜਾਂ ਦਾ ਚੈਕਅਪ ਤੇ ਮੁਫ਼ਤ ਦਵਾਈਆਂ, ਕਿਰਤ ਵਿਭਾਗ ਦੀ ਲਾਲ ਕਾਪੀ, ਖੇਤੀਬਾੜੀ, ਦਿਹਾਤੀ ਵਿਕਾਸ, ਮਾਲ ਵਿਭਾਗ ਦੇ ਜਮੀਨੀ ਰਿਕਾਰਡ ਨਾਲ ਸਬੰਧਤ ਕੰਮ, ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਪੈਨਸ਼ਨ ਲਗਵਾਉਣ ਸਬੰਧੀ ਲੋਕਾਂ ਨੇ ਦਰਖਾਸਤਾਂ ਦਿੱਤੀਆਂ। ਇਸ ਮੌਕੇ ਬੀ.ਡੀ.ਪੀ.ਓ. ਸੁਮਰਿਤਾ, ਨਾਇਬ ਤਹਿਸੀਲਦਾਰ ਜਸਵੰਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਅਤੇ ਪਿੰਡ ਦੇ ਵਸਨੀਕ ਵੀ ਮੌਜੂਦ ਸਨ।