ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਇਥੇ ਆਸਟਰੇਲੀਆ ਖ਼ਿਲਾਫ਼ ਫਾਈਨਲ ਮੁਕਾਬਲੇ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ 10 ਨੰਬਰ ਦੀ ਜਰਸੀ ਤੋਹਫੇ ਵਜੋਂ ਮਿਲੀ। ਤੇਂਦੁਲਕਰ ਨੇ ਆਪਣੇ ਆਖਰੀ ਇਕ ਰੋਜ਼ਾ ਮੈਚ ਦੌਰਾਨ ਪਹਿਨੀ ਹਸਤਾਖਰ ਕੀਤੀ ਹੋਈ ਜਰਸੀ ਕੋਹਲੀ ਨੂੰ ਤੋਹਫੇ ਵਜੋਂ ਦਿੱਤੀ। ਤੇਂਦੁਲਕਰ ਨੇ ਆਪਣਾ ਆਖਰੀ ਇਕ ਰੋਜ਼ਾ ਮੈਚ 2012 ਵਿੱਚ ਮੀਰਪੁਰ ਵਿੱਚ ਏਸ਼ੀਆ ਕੱਪ ਮੁਕਾਬਲੇ ਦੌਰਾਨ ਪਾਕਿਸਤਾਨ ਵਿਰੁੱਧ ਖੇਡਿਆ ਸੀ। ਦੱਸਣਯੋਗ ਹੈ ਕਿ ਵਿਰਾਟ ਕੋਹਲੀ ਨੇ ਲੰਘੇ ਬੁੱਧਵਾਰ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਦੌਰਾਨ ਇੱਕ ਰੋਜ਼ਾ ਮੈਚਾਂ ’ਚ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ‘ਐਕਸ’ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਕੋਹਲੀ ਨੇ ਜਰਸੀ ਹੱਥਾਂ ਵਿੱਚ ਫੜੀ ਹੋਈ ਹੈ। ਬੀਸੀਆਈ ਨੇ ਲਿਖਿਆ, ‘‘ਇਹ ਵਿਸ਼ੇਸ਼ ਮੌਕਾ ਹੈ ਅਤੇ ਇਕ ਵਿਸ਼ੇਸ਼ ਮੈਚ ਤੋਂ ਪਹਿਲਾਂ ਦਾ ਪਲ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਪਣੇ ਆਖਰੀ ਇਕ ਰੋਜ਼ਾ ਮੈਚ ਵਿੱਚ ਪਹਿਨੀ ਹਸਤਾਖਰ ਵਾਲੀ ਜਰਸੀ ਵਿਰਾਟ ਕੋਹਲੀ ਨੂੰ ਤੋਹਫੇ ਵਜੋਂ ਦਿੱਤੀ ਹੈ।’’ ਕਾਬਿਲੇਗੌਰ ਹੈ ਕਿ ਕ੍ਰਿਕਟ ਦੇ ਇਤਿਹਾਸ ਵਿੱਚ ਵਿਰਾਟ ਕੋਹਲੀ ਇਕ ਰੋਜ਼ਾ ਮੈਚਾਂ ਵਿੱਚ 50 ਸੈਂਕੜੇ ਜੜਨ ਵਾਲਾ ਪਹਿਲਾ ਖਿਡਾਰੀ ਹੈ।

