ਜਲੰਧਰ,13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- 23 ਐੱਮ. ਐੱਮ. ਤਕ ਹੋਈ ਬਾਰਿਸ਼ ਨਾਲ ਪਿਛਲੇ ਹਫਤੇ ਬਾਰਿਸ਼ ਤੋਂ ਰਾਹਤ ਮਿਲੀ ਸੀ ਪਰ ਮੰਗਲਵਾਰ ਰਾਤ ਹੋਈ ਗਰਮੀ ਨੇ ਫਿਰ ਤੋਂ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ। ਅੱਜ ਦਿਨ ਦੀ ਸ਼ੁਰੂਆਤ ਤਾਪਮਾਨ ਵਾਧੇ ਨਾਲ ਹੋਈ ਅਤੇ ਦਿਨ ਭਰ ਹੁੰਮਸ ਕਾਰਨ ਲੋਕਾਂ ਦਾ ਹਾਲ ਬੇਹਾਲ ਰਿਹਾ। ਸ਼ਾਮ ਨੂੰ ਹੋਈ ਬਾਰਿਸ਼ ਨੇ ਲੋਕਾਂ ਨੂੰ ਰਾਹਤ ਦਿੱਤੀ ਪਰ ਇਕ ਘੰਟੇ ਬਾਅਦ ਫਿਰ ਤੋਂ ਮੌਸਮ ਵਿਚ ਗਰਮੀ ਵਧਣ ਲੱਗੀ। ਅਗਲੇ 2 ਦਿਨ ਗਰਮੀ ਵਧਣ ਦੇ ਆਸਾਰ ਹਨ ਕਿਉਂਕਿ ਬੱਦਲ ਛਾਏ ਰਹਿਣਗੇ ਪਰ ਬਾਰਿਸ਼ ਪੈਣ ਦੀ ਉਮੀਦ ਘੱਟ ਹੈ।
ਮੌਸਮ ਅਨੁਸਾਰ ਪਿਛਲੇ ਹਫ਼ਤੇ ਹੋਈ ਬਾਰਿਸ਼ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਹੋਈ ਅਤੇ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 24.4 ਡਿਗਰੀ ਰਿਹਾ ਸੀ, ਜਿਸ ਨਾਲ ਮੌਸਮ ’ਚ ਠੰਡਕ ਘੁਲ ਗਈ ਸੀ। ਅੱਜ ਸਵੇਰੇ ਤਾਪਮਾਨ ਵਿਚ ਇਕਦਮ ਵਾਧਾ ਦਰਜ ਹੋਇਆ।
ਅੰਕੜਿਆਂ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ, ਜਦਕਿ ਘੱਟ ਤੋਂ ਘੱਟ 27.8 ਡਿਗਰੀ ਤਕ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਮੁਤਾਬਕ ਤਾਪਮਾਨ ’ਚ 6 ਡਿਗਰੀ ਤਕ ਵਾਧਾ ਹੋਇਆ। ਇਸਦੇ ਨਾਲ-ਨਾਲ ਹੁੰਮਸ ਨੇ ਚਿਪਚਿਪਾਹਟ ਵਧਾ ਦਿੱਤੀ ਹੈ। ਬੀਤੀ ਰਾਤ 9 ਵਜੇ ਤੋਂ ਬਾਅਦ ਤੇਜ਼ ਹਵਾਵਾਂ ਦਾ ਦੌਰ ਸ਼ੁਰੂ ਹੋਇਆ ਅਤੇ ਕੁਝ ਸਮੇਂ ਲਈ ਹੋਈ ਬਰਸਾਤ ਨੇ ਲੋਕਾਂ ਨੂੰ ਰਾਹਤ ਦਿੱਤੀ। ਇਸ ਕਾਰਨ ਲੋਕ ਘਰੋਂ ਬਾਹਰ ਨਿਕਲੇ ਅਤੇ ਮੌਸਮ ਦਾ ਆਨੰਦ ਮਾਣਿਆ। ਤੇਜ਼ ਹਵਾਵਾਂ ਦਾ ਦੌਰ ਲਗਭਗ ਇਕ ਘੰਟੇ ਤਕ ਚੱਲਦਾ ਰਿਹਾ।