ਆਸਟਰੇਲੀਆ ਤੋਂ ਜੋਧਪੁਰ ਪਰਤੀ 19 ਸਾਲਾ ਵਿਦਿਆਰਥਣ ਅੱਜ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਠੰਢ, ਖੰਘ ਤੇ ਜ਼ੁਕਾਮ ਹੋਣ ਮਗਰੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਵਿਦਿਆਰਥਣ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ। ਇਸੇ ਦੌਰਾਨ ਸੂਬੇ ਦੇ ਮੈਡੀਕਲ ਵਿਭਾਗ ਨੇ ਕੋਵਿਡ ਪ੍ਰਬੰਧਨ ਲਈ ਸੂਬਾ ਪੱਧਰੀ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਹੈ।
ਵਿਭਾਗ ਦੀ ਵਧੀਕ ਮੁੱਖ ਸਕੱਤਰ ਸ਼ੁਭਰਾ ਸਿੰਘ ਨੇ ਦੱਸਿਆ ਕਿ ਕੇਰਲ, ਕਰਨਾਟਕ, ਤਾਮਿਲ ਨਾਡੂ, ਮਹਾਰਾਸ਼ਟਰ ਤੇ ਹੋਰ ਰਾਜਾਂ ’ਚ ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਸੂਬੇ ’ਚ ‘ਰਾਜ ਕੋਵਿਡ ਪ੍ਰਬੰਧਨ ਕਮੇਟੀ’ ਬਣਾਈ ਗਈ ਹੈ। ਉਧਰ ਪੱਛਮੀ ਬੰਗਾਲ ’ਚ ਛੇ ਮਹੀਨੇ ਦੇ ਬੱਚੇ ਸਮੇਤ ਤਿੰਨ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕੋਵਿਡ ਪ੍ਰਬੰਧਨ ਲਈ ਚਾਰ ਮੈਂਬਰੀ ਕੈਬਨਿਟ ਸਬ-ਕਮੇਟੀ ਦਾ ਗਠਨ ਕਰ ਦਿੱਤਾ ਹੈ। ਉਧਰ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਕਰੋਨਾ ਦੇ 640 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 2,997 ਹੋ ਗਈ ਹੈ। ਕੇਰਲਾ ’ਚ ਕਰੋਨਾ ਕਾਰਨ ਇਕ ਹੋਰ ਮੌਤ ਹੋਣ ਨਾਲ ਹੁਣ ਤੱਕ ਦੇਸ਼ ’ਚ 5,33,328 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।