-4 ਤੇ 5 ਨਵੰਬਰ ਅਤੇ 2 ਤੇ 3 ਦਸੰਬਰ ਨੂੰ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਪਟਿਆਲਾ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਕੁੱਲ 08 ਵਿਧਾਨ ਸਭਾ ਚੋਣ ਹਲਕਿਆਂ 109-ਨਾਭਾ, 110-ਪਟਿਆਲਾ ਦਿਹਾਤੀ, 111-ਰਾਜਪੁਰਾ, 113-ਘਨੌਰ, 114-ਸਨੌਰ, 115-ਪਟਿਆਲਾ, 116-ਸਮਾਣਾ ਅਤੇ 117-ਸ਼ੁਤਰਾਣਾ ਵਿੱਚ ਯੋਗਤਾ ਮਿਤੀ: 01.01.2024 ਦੇ ਆਧਾਰ ਤੇ ਫ਼ੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਕੰਮ ਮਿਤੀ 27 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਮਿਤੀ 27 ਅਕਤੂਬਰ 2023 ਤੋਂ ਮਿਤੀ: 09 ਦਸੰਬਰ 2023 ਤੱਕ ਆਮ ਜਨਤਾ ਪਾਸੋਂ ਫਾਰਮ ਨੰਬਰ 6, 7 ਅਤੇ 8 ਵਿੱਚ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਅਤੇ ਮਿਤੀ: 26 ਦਸੰਬਰ 2023 ਤੱਕ ਇਹਨਾਂ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ ਕਰਕੇ ਮਿਤੀ: 05 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਣੀ ਹੈ।
ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 04 ਨਵੰਬਰ 2023 (ਸਨਿੱਚਰਵਾਰ), ਮਿਤੀ 05 ਨਵੰਬਰ 2023 (ਐਤਵਾਰ) ਅਤੇ ਮਿਤੀ 02 ਦਸੰਬਰ 2023 (ਸਨਿੱਚਰਵਾਰ), ਮਿਤੀ 03 ਦਸੰਬਰ 2023 (ਐਤਵਾਰ) ਨੂੰ ਸਮੂਹ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣੇ ਹਨ, ਜਿੱਥੇ ਬੀ.ਐਲ.ਓਜ਼. ਵੱਲੋਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਆਮ ਜਨਤਾ/ ਬਿਨੈਕਾਰਾਂ ਪਾਸੋਂ ਫਾਰਮ. 6, 6ਬੀ, 7, 8 ਪ੍ਰਾਪਤ ਕੀਤੇ ਜਾਣੇ ਹਨ।
ਮੁੱਖ ਅਫ਼ਸਰ ਪੰਜਾਬ ਵੱਲੋਂ ਹਰੇਕ ਨੌਜਵਾਨ ਜਿਸ ਦੀ ਉਮਰ 01.01.2024 ਨੂੰ 18 ਸਾਲ ਜਾਂ ਵੱਧ ਹੈ, ਦਾ ਨਾਮ ਲਾਜ਼ਮੀ ਤੌਰ ਤੇ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਅਤੇ ਇਨ੍ਹਾਂ ਦੀ ਭਾਰਤ ਦੇ ਲੋਕਤੰਤਰ ਵਿੱਚ 100 ਪ੍ਰਤੀਸ਼ਤ ਸ਼ਮੂਲੀਅਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ ਮਿਤੀ: 01.01.2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਜਾਂ ਕਿਸੇ ਹੋਰ ਏਰੀਏ ਤੋਂ ਸ਼ਿਫ਼ਟ ਹੋ ਕੇ ਆਇਆ ਹੈ ਜਾਂ ਕਿਸੇ ਵੋਟਰ ਦੀ ਉਸ ਦੇ ਸਬੰਧਤ ਬੂਥ ਵਿਚ ਭਾਵ ਜਿੱਥੇ ਉਸ ਦੀ ਰਿਹਾਇਸ਼ ਹੈ, ਵਿੱਚ ਉਸ ਦੀ ਵੋਟ ਨਹੀਂ ਬਣੀ ਹੋਈ ਤਾਂ ਉਹ ਆਪਣੀ ਨਵੀਂ ਵੋਟ ਬਣਾਉਣ ਲਈ ਨਿਰਧਾਰਤ ਫਾਰਮ 6 ਨਾਲ ਆਪਣੀ ਪਾਸਪੋਰਟ ਸਾਈਜ਼ ਦੀ ਤਾਜ਼ਾ ਫ਼ੋਟੋ, ਰਿਹਾਇਸ਼ ਦਾ ਪਰੂਫ਼ ਅਤੇ ਜਨਮ ਮਿਤੀ ਦਾ ਸਬੂਤ ਭਰ ਕੇ ਅਪਲਾਈ ਕਰ ਸਕਦਾ ਹੈ। ਵੋਟਰ ਸੂਚੀਆਂ ਵਿੱਚ ਵੋਟਰਾਂ ਦੇ ਗ਼ਲਤ ਦਰਜ ਵੇਰਵੇ ਜਿਵੇਂ ਕਿ ਨਾਮ, ਉਮਰ, ਪਿਤਾ ਦਾ ਨਾਮ, ਲਿੰਗ ਆਦਿ ਨੂੰ ਦਰੁਸਤ ਕਰਨ ਲਈ ਫਾਰਮ ਨੰ. 8 ਅਤੇ ਮਰ ਚੁੱਕੇ/ਪੱਕੇ ਤੌਰ ਤੇ ਸ਼ਿਫ਼ਟ ਹੋ ਚੁੱਕੇ ਵੋਟਰਾਂ ਲਈ ਫਾਰਮ ਨੰਬਰ 7 ਵਿੱਚ ਅਪਲਾਈ ਕੀਤਾ ਜਾ ਸਕਦਾ ਹੈ। ਕਮਿਸ਼ਨ ਦੀਆਂ ਨਵੀਂਆਂ ਹਦਾਇਤਾਂ ਅਨੁਸਾਰ ਜਿਹੜੇ ਵੋਟਰ ਇੱਕ ਹਲਕੇ ਤੋਂ ਦੂਜੇ ਹਲਕੇ ਵਿੱਚ ਜਾਂ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਸ਼ਿਫ਼ਟ ਹੋ ਗਏ ਹਨ, ਵੱਲੋਂ ਫਾਰਮ ਨੰ. 6 ਵਿੱਚ ਹੀ ਅਪਲਾਈ ਕੀਤਾ ਜਾ ਸਕਦਾ ਹੈ। ਵੋਟਰ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਲਈ ਫਾਰਮ ਨੰ. 6ਬੀ ਭਰ ਕੇ ਦੇ ਸਕਦੇ ਹਨ। ਇਹ ਫਾਰਮ ਪੁਰ ਕਰਕੇ ਆਪਣੇ ਏਰੀਏ ਦੇ ਪੋਲਿੰਗ ਬੂਥ ਦੇ ਬੀ.ਐਲ.ਓ ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਦਿੱਤੇ ਜਾ ਸਕਦੇ ਹਨ। ਫਾਰਮ ਬੀ.ਐਲ.ਓ ਤੋਂ ਇਲਾਵਾ ਹੋਰ ਆਨ ਲਾਈਨ ਤਰੀਕੇ ਜਿਵੇਂ ਕਿ ਪੋਰਟਲ (www.nvsp.in), ਵੋਟਰ ਹੈਲਪ ਲਾਈਨ ਐਪ, ਸੀ.ਐਸ.ਸੀ. ਸੈਂਟਰ ਅਤੇ ਆਫ ਲਾਈਨ ਤਰੀਕੇ ਜਿਵੇਂ ਕਿ ਵਿੱਦਿਅਕ ਅਦਾਰੇ ਸਵੀਪ, ਸਮਾਜ ਸੇਵੀ ਜਥੇਬੰਦੀਆਂ, ਯੁਵਕ ਸੇਵਾਵਾਂ ਵਿਭਾਗ ਰਾਹੀਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮਾਜ ਦੇ ਕੁਝ ਖ਼ਾਸ ਵਰਗ ਜਿਵੇਂ ਕਿ ਦਿਵਿਆਂਗਜਨ ਵਰਗ, ਟਰਾਂਸਜੈਂਡਰ ਵਰਗ ਆਦਿ ਦੇ ਯੋਗ ਵਿਅਕਤੀ ਦੀ ਵੋਟਰ ਰਜਿਸਟਰੇਸ਼ਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ- 2024 ਨੂੰ ਮੁੱਖ ਰੱਖਦੇ ਹੋਏ ਵੋਟਰ ਰਜਿਸਟਰੇਸ਼ਨ ਦੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।