ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸੌਰਵ ਗਾਂਗੁਲੀ ਨੇ ਆਪਣੇ ਕਰੀਅਰ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਉਨ੍ਹਾਂ ਨੇ ਟੈਸਟ ਡੈਬਿਊ ਮੈਚ ‘ਚ ਸੈਂਕੜਾ ਲਗਾ ਕੇ ਤਹਿਲਕਾ ਮਚਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਮੈਚ ‘ਚ ਵੀ ਸੈਂਕੜਾ ਲਗਾਇਆ ਸੀ। ਗਾਂਗੁਲੀ ਸ਼ਨੀਵਾਰ ਨੂੰ ਯਾਨੀ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਪੜ੍ਹੋ ਉਨ੍ਹਾਂ ਦੇ ਕਰੀਅਰ ਨਾਲ ਜੁੜੇ ਦਿਲਚਸਪ ਕਿੱਸੇ।
ਗਾਂਗੁਲੀ ਨੇ ਭਾਰਤ ਲਈ ਆਖ਼ਰੀ ਟੈਸਟ ਮੈਚ ਨਵੰਬਰ 2008 ‘ਚ ਆਸਟਰੇਲੀਆ ਦੇ ਖ਼ਿਲਾਫ਼ ਖੇਡਿਆ ਸੀ। ਉਨ੍ਹਾਂ ਨੇ ਇਸ ਮੈਚ ਦੀ ਪਹਿਲੀ ਪਾਰੀ ‘ਚ 85 ਦੌੜਾਂ ਬਣਾਈਆਂ ਸਨ। ਜਦਕਿ ਉਹ ਦੂਜੀ ਪਾਰੀ ‘ਚ ਜ਼ੀਰੋ ‘ਤੇ ਆਊਟ ਹੋ ਗਏ ਸਨ। ਗਾਂਗੁਲੀ ਉਨ੍ਹਾਂ ਖਿਡਾਰੀਆਂ ਦੀ ਸੂਚੀ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਟੈਸਟ ਡੈਬਿਊ ‘ਚ ਸੈਂਕੜਾ ਲਗਾਇਆ ਹੈ।
ਜੇਕਰ ਅਸੀਂ ਗਾਂਗੁਲੀ ਦੇ ਓਵਰਆਲ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਇਹ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ 113 ਟੈਸਟ ਮੈਚਾਂ ‘ਚ 7212 ਦੌੜਾਂ ਬਣਾਈਆਂ ਹਨ। ਇਸ ਦੌਰਾਨ 16 ਸੈਂਕੜੇ ਅਤੇ 35 ਅਰਧ ਸੈਂਕੜੇ ਲਗਾਏ। ਉਨ੍ਹਾਂ ਨੇ ਦੋਹਰਾ ਸੈਂਕੜਾ ਵੀ ਲਗਾਇਆ ਹੈ। ਉਨ੍ਹਾਂ ਨੇ 311 ਵਨਡੇ ਮੈਚਾਂ ‘ਚ 11363 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 22 ਸੈਂਕੜੇ ਅਤੇ 72 ਅਰਧ ਸੈਂਕੜੇ ਲਗਾਏ ਹਨ।
ਗਾਂਗੁਲੀ ਇੰਡੀਅਨ ਪ੍ਰੀਮੀਅਰ ਲੀਗ ‘ਚ ਵੀ ਖੇਡ ਚੁੱਕੇ ਹਨ। ਉਹ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੁਣੇ ਵਾਰੀਅਰਸ ਦਾ ਹਿੱਸਾ ਸਨ। ਇਸ ਤੋਂ ਇਲਾਵਾ ਉਹ ਹੋਰ ਘਰੇਲੂ ਟੀਮਾਂ ਲਈ ਵੀ ਖੇਡ ਚੁੱਕੇ ਹਨ। ਉਹ ਈਸਟ ਜ਼ੋਨ ਅਤੇ ਬੰਗਾਲ ਲਈ ਖੇਡ ਚੁੱਕੇ ਹਨ।