ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਅੱਜ ਬਰਫ਼ਬਾਰੀ ਹੋਈ ਹੈ। ਹਾਲਾਂਕਿ ਮੌਸਮ ਵਿਭਾਗ ਨੇ ਭਲਕ ਤੋਂ ਰਾਜ ਵਿਚ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਮਨਾਲੀ ਨੇੜੇ ਅਟਲ ਸੁਰੰਗ ਕੋਲ ਬਰਫ਼ ਪਈ। ਇਸ ਤੋਂ ਇਲਾਵਾ ਕੇਲੌਂਗ (ਲਾਹੌਲ-ਸਪਿਤੀ) ਵਿਚ ਵੀ ਬਰਫ ਪਈ ਹੈ। ਲਾਹੌਲ ਸਪਿਤੀ ਖੇਤਰ ਦਾ ਸਮਧੋ ਸਭ ਤੋਂ ਵੱਧ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤੋਂ ਪੱਛਮੀ ਗੜਬੜੀ ਰਾਜ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਵੱਖ-ਵੱਖ ਥਾਵਾਂ ’ਤੇ ਬਰਫ਼ ਤੇ ਮੀਂਹ ਪੈ ਸਕਦਾ ਹੈ ਪਰ 24 ਤੋਂ ਮੌਸਮ ਖੁਸ਼ਕ ਰਹੇਗਾ। ਉਨ੍ਹਾਂ ਕ੍ਰਿਸਮਸ ’ਤੇ ਸ਼ਿਮਲਾ ਵਿਚ ਬਰਫ਼ ਪੈਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਦੇ ਮੱਦੇਨਜ਼ਰ ਚੰਬਾ, ਕਾਂਗੜਾ, ਮੰਡੀ, ਕੁੱਲੂ, ਲਾਹੌਲ ਸਪਿਤੀ, ਕਿਨੌਰ, ਸ਼ਿਮਲਾ ਤੇ ਸਿਰਮੌਰ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਪੰਜਾਬ ਤੇ ਹਰਿਆਣਾ ਵਿਚ ਵੀ ਠੰਢ ਦਾ ਦੌਰ ਜਾਰੀ ਰਿਹਾ। ਬਠਿੰਡਾ ਅੱਜ ਘੱਟੋ-ਘੱਟ ਛੇ ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਠੰਢਾ ਰਿਹਾ। ਇਸੇ ਤਰ੍ਹਾਂ ਲੁਧਿਆਣਾ ਦਾ ਘੱਟ ਤੋਂ ਘੱਟ ਤਾਪਮਾਨ 9.2, ਪਟਿਆਲਾ ਦਾ 8.6 ਤੇ ਅੰਮ੍ਰਿਤਸਰ ਦਾ 11 ਡਿਗਰੀ ਰਿਕਾਰਡ ਕੀਤਾ ਗਿਆ। ਜਦਕਿ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 12.9, ਗੁਰਦਾਸਪੁਰ ਦਾ 6.5 ਤੇ ਫਰੀਦਕੋਟ ਦਾ 10.5 ਡਿਗਰੀ ਰਿਹਾ। ਹਰਿਆਣਾ ਦੇ ਕਰਨਾਲ ਦਾ ਘੱਟੋ-ਘੱਟ ਤਾਪਮਾਨ 8.7 ਡਿਗਰੀ ਜਦਕਿ ਫਤਿਹਾਬਾਦ ਦਾ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਰਿਹਾ।