ਸੁਪਰੀਮ ਕੋਰਟ ਨੇ ਮੁਸਲਿਮ ਧਿਰ ਦੀ ਉਸ ਜ਼ੁਬਾਨੀ-ਕਲਾਮੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ ਜਿਸ ਵਿੱਚ ਮਥੁਰਾ ਵਿੱਚ ਕ੍ਰਿਸ਼ਨ ਜਨਮਭੂਮੀ ਮੰਦਰ ਨਾਲ ਲੱਗਦੇ ਸ਼ਾਹੀ ਈਦਗਾਹ ਕੰਪਲੈਕਸ ਵਿੱਚ ਅਦਾਲਤ ਦੀ ਨਿਗਰਾਨੀ ਹੇਠ ਸਰਵੇਖਣ ਕਰਵਾਉਣ ਦੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਸੀ।
ਹਾਲਾਂਕਿ, ਸਿਖਰਲੀ ਅਦਾਲਤ ਨੇ ਇਸ ਨਾਲ ਸਬੰਧਤ ਫ਼ੈਸਲੇ ਨੂੰ ਅਪੀਲ ਰਾਹੀਂ ਚੁਣੌਤੀ ਦੇਣ ਲਈ ਆਖਿਆ। ਅਲਾਹਾਬਾਦ ਹਾਈ ਕੋਰਟ ਨੇ ਸ਼ਾਹੀ ਈਦਗਾਹ ਕੰਪਲੈਕਸ ਦਾ ਸਰਵੇਖਣ ਕਰਨ ਲਈ ਅਦਾਲਤ ਦੀ ਨਿਗਰਾਨੀ ਹੇਠ ਐਡਵੋਕੇਟ ਕਮਿਸ਼ਨਰ ਨਿਯੁਕਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਵੀਰਵਾਰ ਨੂੰ ਸਵੀਕਾਰ ਕਰ ਲਈ ਸੀ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐੱਸ ਵੀ ਐੱਨ ਭੱਟੀ ਦੀ ਬੈਂਚ ਨੇ ਮਥੁਰਾ ਦੀ ਅਦਾਲਤ ਵਿੱਚ ਲੰਬਿਤ ਵਿਵਾਦ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ ਆਪਣੇ ਕੋਲ ਤਬਦੀਲ ਕਰਨ ਸਬੰਧੀ ਹਾਈ ਕੋਰਟ ਦੇ 26 ਮਈ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ‘ਕਮੇਟੀ ਆਫ ਮੈਨੇਜਮੈਂਟ ਟਰੱਸਟ ਸ਼ਾਹੀ ਮਸਜਿਦ ਈਦਗਾਹ’ ਦੀ ਪਟੀਸ਼ਨ ’ਤੇ ਸੁਣਵਾਈ 9 ਜਨਵਰੀ ਤੱਕ ਲਈ ਟਾਲ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਲਾਹਾਬਾਦ ਹਾਈ ਕੋਰਟ ਨੇ ਮਥੁਰਾ ਦੀ ਅਦਾਲਤ ਵਿੱਚ ਲੰਬਿਤ ਸ੍ਰੀ ਕ੍ਰਿਸ਼ਨ ਜਨਮਭੂਮੀ ਅਤੇ ਸ਼ਾਹੀ ਈਦਗਾਹ ਸਬੰਧੀ ਵਿਵਾਦਾਂ ਨਾਲ ਜੁੜੇ ਸਾਰੇ ਮਾਮਲੇ ਉੱਚ ਅਦਾਲਤ ਵਿੱਚ ਤਬਦੀਲ ਕੀਤੇ ਜਾਣ ਦਾ 26 ਮਈ ਨੂੰ ਨਿਰਦੇਸ਼ ਦਿੱਤਾ ਸੀ।