ਲੰਡਨ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)– ਬ੍ਰਿਟੇਨ ਦੇ ਸਿੱਖ ਭਾਈਚਾਰੇ ਅੰਦਰ ਖਾਲਿਸਤਾਨ ਸਮਰਥਕ ਕੱਟੜਪੰਥੀਆਂ ਦਾ ਵਧਦਾ ਪ੍ਰਭਾਵ ਉਸ ਦੇਸ਼ ਲਈ ਭਾਰੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਪੂਰੇ ਮਾਮਲੇ ’ਚ ਸਭ ਤੋਂ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਖਾਲਿਸਤਾਨੀ ਵੱਖਵਾਦੀ ਤੱਤ ਨੌਜਵਾਨਾਂ ਦੇ ਮਨ ਨੂੰ ਆਪਣੀ ਖਤਰਨਾਕ ਸੋਚ ਤੋਂ ਪ੍ਰਭਾਵਿਤ ਕਰ ਰਹੇ ਹਨ। ਅਸਲ ’ਚ, ਨੌਜਵਾਨ ਸਿੱਖਾਂ ਦਾ ਸੱਭਿਆਚਾਰ, ਵਿਰਾਸਤ ਅਤੇ ਆਜ਼ਾਦੀ ਦੀ ਹਿਫਾਜ਼ਤ ਦੇ ਨਾਂ ’ਤੇ ਬਰੇਨਵਾਸ਼ ਕਰ ਕੇ ਉਨ੍ਹਾਂ ਨੂੰ ਵੱਖਵਾਦੀ ਮਨਸੂਬਿਆਂ ਨੂੰ ਅੱਗੇ ਵਧਾਉਣ ਲਈ ਉਕਸਾਉਣ ਦੀ ਇਕ ਗੁਪਤ ਰਣਨੀਤੀ ਕੰਮ ਕਰ ਰਹੀ ਹੈ।
ਇਹ ਸਨਸੀਖੇਜ਼ ਦਾਅਵਾ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਗਠਿਤ ਬਲੂਮ ਕਮਿਸ਼ਨ ਨੇ ਆਪਣੀ ਰਿਪੋਰਟ ’ਚ ਕੀਤਾ ਹੈ। ਰਿਪੋਰਟ ਅਨੁਸਾਰ, ਹਿੰਸਕ ਸਿੱਖ ਵਰਕਰਾਂ ਨੇ ਕਈ ਰਾਜਨੇਤਾਵਾਂ, ਪ੍ਰੋਫੈਸਰਾਂ ਅਤੇ ਨੌਕਰਸ਼ਾਹਾਂ ’ਤੇ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਦੁਰਵਿਹਾਰ ਕੀਤਾ ਹੈ ਜਾਂ ਧਮਕੀ ਦਿੱਤੀ ਹੈ। ਅਧਿਐਨ ਅਨੁਸਾਰ ਤਾਨਾਸ਼ਾਹੀ ਦੇ ਕੱਟੜਪੰਥੀ ਉਦੇਸ਼ਾਂ ਅਤੇ ਮੁੱਖਧਾਰਾ ਦੀ ਸਿੱਖ ਆਬਾਦੀ ਵਿਚਾਲੇ ਫਰਕ ਕਰਨ ਦੀ ਬ੍ਰਿਟੇਨ ਸਰਕਾਰ ਦੀ ਅਸਮਰੱਥਤਾ ਨੇ ਸਥਿਤੀ ਹੋਰ ਮੁਸ਼ਕਲ ਬਣਾ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦੇ ਲਈ ਚੌਕਸੀ, ਗਿਆਨ ਅਤੇ ਸਭ ਤੋਂ ਮਹੱਤਵਪੂਰਨ ਰੂਪ ’ਚ ਅਤੀਤ ਦੀਆਂ ਗੁੰਝਲਾਂ ਅਤੇ ਕੱਟੜਪੰਥ ਦੇ ਖਤਰਿਆਂ ਬਾਰੇ ਖੁੱਲ੍ਹੀ ਚਰਚਾ ਦੀ ਲੋੜ ਹੈ।