ਸਕਾਟਲੈਂਡ ਦੇ ਗਲਾਸਗੋ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਇੱਥੇ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਗੁਰਦੁਆਰੇ ਜਾਣ ਤੋਂ ਰੋਕ ਦਿੱਤਾ ਗਿਆ। ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਰੋਕਿਆ ਅਤੇ ਉਸ ਨੂੰ ਕਾਰ ਤੋਂ ਹੇਠਾਂ ਨਹੀਂ ਉਤਰਨ ਦਿੱਤਾ। ਵਿਕਰਮ ਦੋਰਾਇਸਵਾਮੀ ਬਰਤਾਨੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਬਰਤਾਨੀਆ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਸਿੱਖ ਯੂਥ ਯੂਕੇ ਵੱਲੋਂ ਇਸ ਘਟਨਾ ਦੀ ਇੱਕ ਵੀਡੀਓ ਪੋਸਟ ਕੀਤੀ ਗਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਾਈ ਕਮਿਸ਼ਨਰ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਵੀਡੀਓ ‘ਚ ਇਕ ਖਾਲਿਸਤਾਨ ਸਮਰਥਕ ਗੁਰਦੁਆਰਾ ਕਮੇਟੀ ਦੇ ਮੈਂਬਰ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਵੀਡੀਓ ‘ਚ ਦੋ ਲੋਕ ਹਾਈ ਕਮਿਸ਼ਨਰ ਦੀ ਕਾਰ ਦੇ ਨੇੜੇ ਜਾ ਕੇ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਜ਼ਬਰਦਸਤੀ ਕਰਨ ਦੀ ਵਜ੍ਹਾ ਕਰਕੇ ਹਾਈ ਕਮਿਸ਼ਨਰ ਦੀ ਕਾਰ ਵਾਪਸ ਪਰਤ ਗਈ।
ਇੱਕ ਖਾਲਿਸਤਾਨੀ ਸਮਰਥਕ ਕੈਮਰੇ ‘ਤੇ ਆਇਆ ਅਤੇ ਵੀਡੀਓ ਵਿੱਚ ਕਿਹਾ, “ਅਸੀਂ ਸੁਣਿਆ ਹੈ ਕਿ ਲੰਡਨ ਅਤੇ ਐਡਿਨਬਰਗ ਤੋਂ ਭਾਰਤੀ ਰਾਜਦੂਤ ਇੱਥੇ ਆਉਣ ਵਾਲੇ ਹਨ। ਅਸੀਂ ਗੁਰਦੁਆਰੇ ਗਏ ਅਤੇ ਲੰਗਰ ਛਕਿਆ ਅਤੇ ਫਿਰ ਅਸੀਂ ਬਾਹਰ ਆ ਗਏ ਕਿਉਂਕਿ ਅਸੀਂ ਸੁਣਿਆ ਕਿ ਉਸਦੀ ਕਾਰ ਆ ਗਈ ਹੈ। ਅਸੀਂ ਜਾਣਦੇ ਹਾਂ ਕਿ ਇਹ (ਭਾਰਤ) ਕਿਹੜੀ ਖੇਡ ਖੇਡ ਰਹੇ ਹਨ।ਅਸੀਂ ਜਾਣਦੇ ਹਾਂ ਕਿ ਕੈਨੇਡਾ ਵਿੱਚ ਕੀ ਹੋਇਆ ਹੈ।ਇਹ ਸਾਡੇ ਮੂੰਹ ‘ਤੇ ਚਪੇੜ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਖੁੱਲ੍ਹ ਕੇ ਭਾਰਤ ਦੀ ਨਿੰਦਾ ਕੀਤੀ ਹੈ ਅਤੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ ਅਤੇ ਸਾਡੀਆਂ ਗੁਰਦੁਆਰਾ ਕਮੇਟੀਆਂ ਚਲਾਉਣ ਵਾਲੇ ਲੋਕ ਉਨ੍ਹਾਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ।”
ਖਾਲਿਸਤਾਨੀ ਸਮਰਥਕ ਨੇ ਵੀਡੀਓ ‘ਚ ਧਮਕੀ ਦਿੰਦੇ ਹੋਏ ਕਿਹਾ ਕਿ ਕਿਸੇ ਭਾਰਤੀ ਅਧਿਕਾਰੀ ਦੇ ਨਾਂ ‘ਤੇ ਇੱਥੇ ਆਉਣ ਵਾਲੇ ਕਿਸੇ ਵੀ ਭਾਰਤੀ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ।