ਹਵਾ ਦੀ ਗੁਣਵੱਤਾ ਅੱਜ ਸਵੇਰੇ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹਿਣ ਨਾਲ ਦਿੱਲੀ-ਐੱਨਸੀਆਰ ਦੇ ਵਸਨੀਕਾਂ ਨੂੰ ਲਗਾਤਾਰ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ ਦੇ ਅੰਕੜਿਆਂ ਦੇ ਅਨੁਸਾਰ ਕੌਮੀ ਰਾਜਧਾਨੀ ਵਿੱਚ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵੀਰਵਾਰ ਨੂੰ ਸਵੇਰੇ 9.30 ਵਜੇ 346 ਦਰਜ ਕੀਤਾ ਗਿਆ। ਆਈਆਈਟੀਐੱਮ ਨੇ ਆਪਣੀ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਦੇ ਆਧਾਰ ’ਤੇ ਭਵਿੱਖਬਾਣੀ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਮਾੜੀ’ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। ਦਿੱਲੀ ਦੇ 37 ’ਚੋਂ ਛੇ ਨਿਗਰਾਨੀ ਸਟੇਸ਼ਨਾਂ (ਪੰਜਾਬੀ ਬਾਗ, ਬਵਾਨਾ, ਮੁੰਡਕਾ, ਨਹਿਰੂ ਨਗਰ ਅਤੇ ਜਹਾਂਗੀਰਪੁਰੀ) ਵਿੱਚ ‘ਗੰਭੀਰ’ ਸ਼੍ਰੇਣੀ ਵਿੱਚ ਏਕਿਊਆਈ ਦਰਜ ਕੀਤਾ ਗਿਆ, ਜਦੋਂਕਿ 30 ਸਟੇਸ਼ਨਾਂ ’ਤੇ ਇਹ ‘ਬਹੁਤ ਮਾੜਾ’ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਮਥੁਰਾ ਰੋਡ ’ਚ ਏਕਿਊਆਈ 344 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਆਰਕੇ ਪੁਰਮ, ਆਈਟੀਓ, ਨਿਊ ਮੋਤੀ ਬਾਗ, ਆਨੰਦ ਵਿਹਾਰ, ਆਈਜੀਆਈ ਏਅਰਪੋਰਟ (ਟੀ3) ਅਤੇ ਡੀਯੂ ਉੱਤਰੀ ਕੈਂਪਸ ਵਿੱਚ ਏਕਿਊਆਈ 360 ਅਤੇ 400 ਦੇ ਵਿਚਕਾਰ ਰਿਹਾ ਤੇ ਇਨ੍ਹਾਂ ਸਭ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੇ ਗਏ। ਆਈਆਈਟੀਐਮ ਦੇ ਅਨੁਸਾਰ ਅਗਲੇ ਛੇ ਦਿਨਾਂ ਤੱਕ ਹਵਾ ਗੁਣਵੱਤਾ ਇਸੇ ਪੱਧਰ ’ਤੇ ਰਹਿਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਬੁੱਧਵਾਰ ਨੂੰ ਪੰਜਾਬ ਵਿੱਚ 18, ਹਰਿਆਣਾ ਵਿੱਚ 11 ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ 173 ਮਾਮਲੇ ਦਰਜ ਕੀਤੇ ਗਏ ਹਨ।
ਦਿੱਲੀ ’ਚ ਘੱਟੋ-ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ
ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੀ ਔਸਤ ਤੋਂ ਦੋ ਡਿਗਰੀ ਵੱਧ ਹੈ। ਵਿਭਾਗ ਦੇ ਬੁਲੇਟਿਨ ਮੁਤਾਬਕ ਦਿਨ ਵੇਲੇ ਆਮ ਤੌਰ ’ਤੇ ਬੱਦਲਵਾਈ ਰਹੀ। ਆਸਮਾਨ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਵਾਲੇ ਬੱਦਲ ਛਾਏ ਰਹੇ। ਸਵੇਰੇ 8.30 ਵਜੇ ਨਮੀ 96 ਫੀਸਦੀ ਰਹੀ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ।