ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨਾਲ ਸਾਰਥਕ ਗੱਲਬਾਤ ਕੀਤੀ ਅਤੇ ਸੁਰੱਖਿਆ, ਰੱਖਿਆ, ਵਪਾਰ ਤੇ ਅਰਥਚਾਰੇ ਦੇ ਅਹਿਮ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਸੇ ਦੌਰਾਨ ਦੋਵਾਂ ਮੁਲਕਾਂ ਦਰਮਿਆਨ 10 ਅਹਿਮ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਲਈ ਇੱਕ ਖਾਕਾ ਵੀ ਤਿਆਰ ਕੀਤਾ ਗਿਆ।
ਓਮਾਨ ਦੇ ਸੁਲਤਾਨ ਬੀਤੇ ਦਿਨ ਅਧਿਕਾਰਤ ਯਾਤਰਾ ’ਤੇ ਦਿੱਲੀ ਪੁੱਜੇ। ਖਾੜੀ ਮੁਲਕਾਂ ਦੇ ਸਿਖਰਲੇ ਆਗੂ ਵਜੋਂ ਇਹ ਭਾਰਤ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਫ਼ਦ ਪੱਧਰੀ ਵਾਰਤਾ ’ਚ ਸ਼ੁਰੂਆਤੀ ਭਾਸ਼ਣ ’ਚ ਕਿਹਾ, ‘ਓਮਾਨ ਦੇ ਸੁਲਤਾਨ ਦੇ 26 ਸਾਲ ਮਗਰੋਂ ਭਾਰਤ ਦੀ ਅਧਿਕਾਰਤ ਯਾਤਰਾ ਕਰਨ ਕਾਰਨ ਭਾਰਤ-ਓਮਾਨ ਸਬੰਧਾਂ ਲਈ ਅੱਜ ਇੱਕ ਇਤਿਹਾਸਕ ਦਿਨ ਹੈ। ਮੈਂ ਭਾਰਤ ਦੇ ਸਾਰੇ ਲੋਕਾਂ ਵੱਲੋਂ ਤੁਹਾਡਾ ਸਵਾਗਤ ਕਰਦਾ ਹਾਂ।’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਕਈ ਖੇਤਰਾਂ ’ਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਬਾਗਚੀ ਨੇ ਐਕਸ ’ਤੇ ਪੋਸਟ ਕੀਤਾ, ‘ਦੋਵਾਂ ਆਗੂਆਂ ਨੇ ਰਾਜਨੀਤੀ, ਸੁਰੱਖਿਆ, ਰੱਖਿਆ, ਵਪਾਰ, ਅਰਥਚਾਰੇ, ਸੰਸਕ੍ਰਿਤੀ ਅਤੇ ਲੋਕ ਰਿਸ਼ਤਿਆਂ ਦੇ ਖੇਤਰਾਂ ’ਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।’
ਇਸੇ ਦੌਰਾਨ ਦੋਵਾਂ ਆਗੂਆਂ ਨੇ ਤਕਰੀਬਨ 10 ਅਹਿਮ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਲਈ ਇੱਕ ਖਾਕਾ ਤਿਆਰ ਕੀਤਾ ਤੇ ਵਾਰਤਾ ਦੌਰਾਨ ਜਲਦੀ ਤੋਂ ਜਲਦੀ ਇੱਕ ਵਪਾਰ ਸਮਝੌਤਾ ਨੇਪਰੇ ਚਾੜ੍ਹਨ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਹਮਾਸ-ਇਜ਼ਰਾਈਲ ਸੰਘਰਸ਼ ਕਾਰਨ ਬਣੇ ਹਾਲਾਤ ਤੇ ਅਤਿਵਾਦ ਦੀਆਂ ਚੁਣੌਤੀਆਂ ਤੋਂ ਇਲਾਵਾ ਫਲਸਤੀਨ ਦੇ ਮੁੱਦੇ ਦੇ ਹੱਲ ਦੀਆਂ ਕੋਸ਼ਿਸ਼ਾਂ ਬਾਰੇ ਵੀ ਚਰਚਾ ਕੀਤੀ। ਪ੍ਰੈੱਸ ਵਾਰਤਾ ਦੌਰਾਨ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਮੋਦੀ ਤੇ ਤਾਰਿਕ ਵਿਚਾਲੇ ਹੋਈ ਚਰਚਾ ਨੂੰ ਉਸਾਰੂ ਕਰਾਰ ਦਿੱਤਾ।