ਪੰਜਾਬ ਅਤੇ ਹਰਿਆਣਾ ’ਚ ਦਸੰਬਰ ਮਹੀਨੇ ਦੇ ਅਖੀਰ ਵਿਚ ਚੱਲ ਰਹੀਆਂ ਸੀਤ ਹਵਾਵਾਂ ਕਾਰਨ ਠੰਢ ਹੁਣ ਜ਼ੋਰ ਫੜਦੀ ਜਾ ਰਹੀ ਹੈ। ਕਈ ਥਾਂ ਮੈਦਾਨੀ ਇਲਾਕਿਆਂ ’ਚ ਪਹਾੜਾਂ ਨਾਲੋਂ ਵੀ ਠੰਢ ਵੱਧ ਹੈ ਤੇ ਪਾਰਾ ਹੇਠਾਂ ਡਿੱਗਿਆ ਹੈ। ਅੱਜ ਦੋਵਾਂ ਸੂਬਿਆਂ ਦੇ ਕਈ ਸ਼ਹਿਰ ਸ਼ਿਮਲੇ ਨਾਲੋਂ ਵੀ ਠੰਢੇ ਰਹੇ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦਾ ਲੁਧਿਆਣਾ ਤੇ ਹਰਿਆਣਾ ਦਾ ਹਿਸਾਰ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ। ਲੁਧਿਆਣਾ ਵਿੱਚ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 2.6 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਹਿਸਾਰ ਵਿੱਚ ਤਾਪਮਾਨ 3 ਡਿਗਰੀ ਜਦਕਿ ਸ਼ਿਮਲਾ ਵਿੱਚ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹੋਰ ਠੰਢ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਭਲਕੇ ਤੇ 24 ਦਸੰਬਰ ਨੂੰ ਪੰਜਾਬ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ 25 ਤੇ 26 ਦਸੰਬਰ ਲਈ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 4.8, ਪਟਿਆਲਾ ਵਿੱਚ 5.7, ਪਠਾਨਕੋਟ ਵਿੱਚ 7.2, ਬਠਿੰਡਾ ਵਿੱਚ 6, ਫਰੀਦਕੋਟ ਵਿੱਚ 5.4, ਗੁਰਦਾਸਪੁਰ ਵਿੱਚ 5.5, ਨਵਾਂ ਸ਼ਹਿਰ ਵਿੱਚ 6.6, ਬਰਨਾਲਾ ਵਿੱਚ 5.2, ਫਿਰੋਜ਼ਪੁਰ ਵਿੱਚ 5.9, ਫਤਹਿਗੜ੍ਹ ਸਾਹਿਬ ਵਿੱਚ 6.2, ਮੋਗਾ ਵਿੱਚ 4.9, ਮੁਹਾਲੀ ਵਿੱਚ 9.2 ਅਤੇ ਰੋਪੜ ਵਿੱਚ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ 1 ਤੋਂ 2 ਡਿਗਰੀ ਸੈਲਸੀਅਸ ਘੱਟ ਹੈ। ਹਰਿਆਣਾ ਦੇ ਅੰਬਾਲਾ ਵਿੱਚ ਘੱਟ ਤੋਂ ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ, ਕਰਨਾਲ ਵਿੱਚ 5.1, ਮਹਿੰਦਰਗੜ੍ਹ ਵਿੱਚ 4.8, ਰੋਹਤਕ ਵਿੱਚ 6.6, ਭਿਵਾਨੀ ਤੇ ਸਿਰਸਾ ਵਿੱਚ 7-7, ਫਤਿਆਬਾਅਦ ਵਿੱਚ 3.5, ਗੁਰੂਗ੍ਰਾਮ ਵਿੱਚ 7.5, ਝੱਜਰ ਵਿੱਚ 5.8, ਜੀਂਦ ਵਿੱਚ 6.5, ਕਰਨਾਲ ਵਿੱਚ 5.3, ਪਾਣੀਪਤ ਵਿੱਚ 4.8, ਰਿਵਾੜੀ ਵਿੱਚ 4.1 ਅਤੇ ਯਮੁਨਾਨਗਰ ਵਿੱਚ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।