ਪਟਿਆਲਾ, 29 ਜੁਲਾਈ: (ਪ੍ਰੈਸ ਕੀ ਤਾਕਤ ਬਿਊਰੋ) :
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਸਰਕਾਰ ਦੀ ਆਰ.ਵੀ.ਵਾਈ ਸਕੀਮ ਤਹਿਤ ਬਜ਼ੁਰਗ ਦਿਵਿਆਂਗਜਨਾ ਨੂੰ ਦਿੱਤੇ ਜਾਂਦੇ ਸਹਾਇਤਾ ਉਪਕਰਣਾਂ ਲਈ ਹੁਣ ਰਜਿਸਟਰੇਸ਼ਨ ਕਾਮਨ ਸਰਵਿਸ ਸੈਂਟਰ ਵਿਖੇ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਰਟੀਫਿਸ਼ੀਅਲ ਲਿੰਮਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਅਲੀਮਕੋ) ਵੱਲੋਂ ਕਾਮਨ ਸਰਵਿਸ ਸੈਂਟਰ ਨਾਲ ਕਰਾਰ ਕੀਤਾ ਗਿਆ ਹੈ, ਜਿਸ ਤਹਿਤ ਹੁਣ ਬਜ਼ੁਰਗ ਦਿਵਿਆਂਗਜਨ ਸਹਾਇਤਾ ਉਪਕਰਨਾਂ ਲਈ ਆਪਣੀ ਰਜਿਸਟਰੇਸ਼ਨ ਨੇੜਲੇ ਸੀ.ਐਸ.ਸੀ ਵਿਖੇ ਕਰਵਾ ਸਕਦੇ ਹਨ।
ਇਸ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੰਦਿਆ ਜ਼ਿਲ੍ਹਾ ਅੰਗਹੀਣਤਾਂ ਮੁੜਵਸੇਬਾ ਅਫ਼ਸਰ ਸ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅਲੀਮਕੋ ਵੱਲੋਂ ਲੋੜਵੰਦ ਦਿਵਿਆਂਗਜਨਾਂ ਨੂੰ ਸਹਾਇਤਾ ਉਪਕਰਨ ਦੇਣ ਲਈ ਲਗਾਤਾਰ ਕੈਂਪ ਲਗਾਏ ਜਾਂਦੇ ਹਨ ਅਤੇ ਹੁਣ ਅਲੀਮਕੋ ਵੱਲੋਂ ਬਜ਼ੁਰਗਾਂ ਨੂੰ ਆਪਣੀ ਰਜਿਸਟਰੇਸ਼ਨ ਕਾਮਨ ਸਰਵਿਸ ਸੈਂਟਰ ’ਤੇ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲੋੜਵੰਦ ਬਜ਼ੁਰਗ ਦਿਵਿਆਗਜਨਾਂ ਨੂੰ ਕੰਨਾਂ ਦੀ ਮਸ਼ੀਨ, ਐਨਕਾਂ, ਟਰਾਈ ਸਾਈਕਲ, ਨਕਲੀ ਅੰਗ, ਟਰਾਈਸਾਈਕਲ, ਫੋੜੀਆਂ ਤੇ ਵਾਕਰ ਸਮੇਤ ਹੋਰ ਲੋੜੀਂਦੇ ਸਮਾਨ ਦੀ ਵੰਡ ਕੀਤੀ ਜਾਂਦੀ ਹੈ।
ਉਨ੍ਹਾਂ ਰਜਿਸਟਰੇਸ਼ਨ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਲਈ ਉਮਰ ਦੇ ਸਬੂਤ ਵਜੋਂ ਸੀਨੀਅਰ ਸਿਟੀਜ਼ਨ ਕਾਰਡ, ਆਧਾਰ ਕਾਰਡ ਜਾ ਫੇਰ ਕੋਈ ਵੀ ਅਜਿਹਾ ਦਸਤਾਵੇਜ਼ ਜੋ ਉਮਰ ਦੇ ਸਬੂਤ ਵਜੋਂ ਵਰਤਿਆ ਜਾ ਸਕੇ। ਇਸ ਤੋਂ ਇਲਾਵਾ ਬੀ.ਪੀ.ਐਲ ਕਾਰਡ, ਪੈਨਸ਼ਨ ਦਾ ਸਬੂਤ, ਆਮਦਨ ਦਾ ਸਬੂਤ (15 ਹਜ਼ਾਰ ਤੋਂ ਘੱਟ ਆਮਦ ਦਾ ਸਬੂਤ ਗਰਾਮ ਪੰਚਾਇਤ ਜਾ ਫੇਰ ਕੌਂਸਲਰ ਵੱਲੋਂ ਜਾਰੀ) ਰਿਹਾਇਸ਼ ਦੇ ਸਬੂਤ ਵਜੋਂ ਰਾਸ਼ਨ ਕਾਰਡ ਜਾ ਫੇਰ ਵੋਟਰ ਕਾਰਡ ਸਮੇਤ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਨਾਲ ਕਿਸੇ ਵੀ ਨੇੜਲੇ ਕਾਮਨ ਸਰਵਿਸ ਸੈਂਟਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਅੰਗਹੀਣ ਤੇ ਮੁੜ ਵਸੇਬਾ ਦੇ ਫ਼ੋਨ ਨੰਬਰ 0175-2364443 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।