* ਮਨੀਪੁਰ ਅਤੇ ਦਿੱਲੀ ਆਰਡੀਨੈਂਸ ਜਿਹੇ ਮੁੱਦਿਆਂ ਉਤੇ ਹੰਗਾਮੇ ਦੇ ਆਸਾਰ * ਸਰਕਾਰ ਨੇ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਮੰਗਿਆ
* ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨ ਦੀ ਤਿਆਰੀ ਖਿੱਚੀ
* ਸੰਸਦ ’ਚ ਰੱਖੇ ਜਾਣਗੇ 31 ਬਿੱਲ
ਨਵੀਂ ਦਿੱਲੀ, 20 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਸੰਸਦ ਦਾ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਮੌਨਸੂਨ ਇਜਲਾਸ ਹੰਗਾਮਾਖੇਜ਼ ਰਹਿਣ ਦੇ ਆਸਾਰ ਹੈ। ਇਜਲਾਸ ਦੌਰਾਨ ਮਨੀਪੁਰ ਦੇ ਹਾਲਾਤ ਤੇ ਦਿੱਲੀ ’ਚ ਸੇਵਾਵਾਂ ਦੇ ਕੰਟਰੋਲ ਨੂੰ ਲੈ ਕੇ ਕੇਂਦਰੀ ਆਰਡੀਨੈਂਸ ਜਿਹੇ ਮੁੱਦੇ ਭਾਰੂ ਰਹਿ ਸਕਦੇ ਹਨ, ਕਿਉਂਕਿ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਇਨ੍ਹਾਂ ਮੁੱਦਿਆਂ ’ਤੇ ਘੇਰਨ ਲਈ ਤਿਆਰੀ ਖਿੱਚ ਲਈ ਹੈ। ਮੌਨਸੂਨ ੲਿਜਲਾਸ ਦਾ ਆਗਾਜ਼ ਅਜਿਹੇ ਮੌਕੇ ਹੋ ਰਿਹਾ ਹੈ ਜਦੋਂਕਿ ਕਾਂਗਰਸ, ਟੀਐੱਮਸੀ, ਡੀਐੱਮਕੇ ਸਣੇ 26 ਵਿਰੋਧੀ ਪਾਰਟੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੇ ਟਾਕਰੇ ਲਈ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਗਠਿਤ ਕੀਤਾ ਹੈ। ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਮਨੀਪੁਰ ਦੇ ਹਾਲਾਤ ’ਤੇ ਚਰਚਾ ਲਈ ਤਿਆਰ ਹੈ। ਮੌਨਸੂਨ ਇਜਲਾਸ ਦੌਰਾਨ ਸਰਕਾਰ ਵੱਲੋਂ ਸੰਸਦ ਵਿੱਚ 31 ਬਿੱਲ ਰੱਖੇ ਜਾਣਗੇ।
ਸਰਕਾਰ ਨੇ ਮੌਨਸੂਨ ਇਜਲਾਸ ਦੀ ਪੂਰਬਲੀ ਸੰਧਿਆ ਸੱਦੀ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਸਾਫ਼ ਕਰ ਦਿੱਤਾ ਕਿ ਉਹ ਇਜਲਾਸ ਦੌਰਾਨ ਚੇਅਰ ਦੀ ਪ੍ਰਵਾਨਗੀ ਨਾਲ ਨੇਮਾਂ ਤਹਿਤ ਹਰ ਮਸਲੇ ’ਤੇ ਚਰਚਾ ਲਈ ਤਿਆਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਸਰਬ ਪਾਰਟੀ ਮੀਟਿੰਗ ਵਿੱਚ 34 ਪਾਰਟੀਆਂ ਤੇ 44 ਆਗੂ ਸ਼ਾਮਲ ਹੋਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਜਲਾਸ ਦੌਰਾਨ 31 ਬਿੱਲ ਪੇਸ਼ ਕੀਤੇ ਜਾਣੇ ਹਨ। ਸੂਤਰਾਂ ਨੇ ਕਿਹਾ ਕਿ ਜੋਸ਼ੀ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਸੱਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਮਨੀਪੁਰ ਵਿੱਚ ਹਿੰਸਾ ਦੇ ਮੁੱਦੇ ’ਤੇ ਚਰਚਾ ਲਈ ਤਿਆਰ ਹੈ। ਮੌਨਸੂਨ ਇਜਲਾਸ, ਜੋ 11 ਅਗਸਤ ਤੱਕ ਚੱਲੇਗਾ, ਲਈ 31 ਬਿੱਲ ਸੂਚੀਬੰਦ ਕੀਤੇ ਗਏ ਹਨ, ਜਿਨ੍ਹਾਂ ਵਿਚ ਫਿਲਮ ਪਾਇਰੇਸੀ, ਸੈਂਸਰ ਸਰਟੀਫਿਕੇਸ਼ਨ ਲਈ ਉਮਰ ਅਧਾਰਿਤ ਵਰਗੀਗਰਨ ਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਨੂੰ ਲੈ ਕੇ ਬਿੱਲ ਦਾ ਖਰੜਾ ਵੀ ਸ਼ਾਮਲ ਹੈ। ਇਸ ਸੂਚੀ ਵਿੱਚ ਨਿੱਜੀ ਡੇਟਾ ਸੁਰੱਖਿਆ ਬਿਲ, ਜੰਗਲਾਂ ਦੀ ਸੰਭਾਲ ਬਾਰੇ ਬਿੱਲ ’ਚ ਸੋਧ ਤੇ ਦਿੱਲੀ ’ਚ ਸੇਵਾਵਾਂ ਦੇ ਕੰਟਰੋਲ ਨੂੰ ਲੈ ਕੇ ਵਿਵਾਦਿਤ ਆਰਡੀਨੈਂਸ ਵੀ ਸ਼ਾਮਲ ਹਨ। ਇਜਲਾਸ ਦੌਰਾਨ ਜਿਨ੍ਹਾਂ ਹੋਰ ਬਿਲਾਂ ’ਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ, ਉਨ੍ਹਾਂ ਵਿੱਚ ਜਨ ਵਿਸ਼ਵਾਸ (ਵਿਵਸਥਾਵਾਂ ’ਚ ਸੋਧ) ਬਿੱਲ ਤੇ ਬਹੁ-ਰਾਜੀ ਸਹਿਕਾਰੀ ਸੁਸਾਇਟੀਆਂ (ਸੋਧ) ਬਿੱਲ ਸਣੇ ਹੋਰ ਸ਼ਾਮਲ ਹਨ। ਜੰਮੂ ਕਸ਼ਮੀਰ ਲਈ ਅਨੁਸੂਚਿਤ ਕਬੀਲਿਆਂ ਵਾਲੀ ਸੂਚੀ ਤੇ ਛੱਤੀਸਗੜ੍ਹ ਵਿਚ ਅਨੁਸੂਚਿਤ ਜਾਤਾਂ ਵਾਲੀ ਸੂਚੀ ਵਿੱਚ ਕੁਝ ਨਾਵਾਂ ਦੇ ਸਮਾਨ ਅਰਥਾਂ ਵਿੱਚ ਫੇਰਬਦਲ ਨਾਲ ਸਬੰਧਤ ਬਿੱਲ ਵੀ ਇਜਲਾਸ ਦੌਰਾਨ ਸੰਸਦ ਵਿਚ ਰੱਖੇ ਜਾਣਗੇ। ਸਰਬ ਪਾਰਟੀ ਮੀਟਿੰਗ ਉਪਰਤ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੀਟਿੰਗ ਵਿੱਚ 34 ਪਾਰਟੀਆਂ ਤੇ 44 ਆਗੂ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਸਰਕਾਰ ਅੱਗੇ ਕਈ ਅਹਿਮ ਮਸਲੇ ਰੱਖੇ। ਮੌਜੂਦਾ ਸਮੇਂ ਸਰਕਾਰ ਨੇ 31 ਵਿਧਾਨਕ ਆਈਟਮਾਂ ਦੀ ਪਛਾਣ ਕੀਤੀ ਹੈ। ਅਸੀਂ ਕੀ ਲਿਆਉਣਾ ਹੈ ਤੇ ਕੀ ਨਹੀਂ…ੲਿਸ ਬਾਰੇ ਅਸੀਂ ਬਾਅਦ ਵਿੱਚ ਫੈਸਲਾ ਕਰਾਂਗੇ, ਪਰ ਇਸ ਵੇਲੇ 31 ਵਿਧਾਨਕ ਆਈਟਮਾਂ ਪੂਰੀ ਤਰ੍ਹਾਂ ਤਿਆਰ ਹਨ।’’ ਜੋਸ਼ੀ ਨੇ ਕਿਹਾ, ‘‘ਵਿਰੋਧੀ ਧਿਰਾਂ ਨੇ ਕਈ ਸੁਝਾਅ ਦਿੱਤੇ ਹਨ ਤੇ ਸਾਡੇ ਗੱਠਜੋੜ ਵਿਚਲੇ ਭਾਈਵਾਲ ਆਗੂਆਂ ਨੇ ਵੀ ਆਪੋ ਆਪਣੀ ਗੱਲ ਰੱਖੀ ਹੈ। ਸਾਰੀਆਂ ਪਾਰਟੀਆਂ ਨੇ ਮਨੀਪੁਰ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਹੈ, ਜਿਸ ਲਈ ਸਰਕਾਰ ਤਿਆਰ ਹੈ।’’ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਤੋਂ ਕੋਈ ਚੁਣੌਤੀ ਦਰਪੇਸ਼ ਹੋਣ ਬਾਰੇ ਪੁੱਛੇ ਸਵਾਲ ਦੇ ਪ੍ਰਤੀਕਰਮ ਵਿੱਚ ਜੋਸ਼ੀ ਨੇ ਕਿਹਾ, ‘‘ਨਾਮ ਬਦਲਣ ਨਾਲ ਕੁਝ ਬਦਲਣ ਵਾਲਾ ਨਹੀਂ। ਲੋਕ ਤਾਂ ਉਹੀ ਹਨ, ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ।’’ ਜੋਸ਼ੀ ਨੇ ਕਿਹਾ, ‘‘ਸਰਕਾਰ ਮੌਨਸੂਨ ਇਜਲਾਸ ਦੌਰਾਨ ਸਾਰੇ ਮੁੱਦਿਆਂ ’ਤੇ ਚਰਚਾ ਲਈ ਤਿਆਰ ਹੈ। ਅਸੀਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਹਮਾਇਤ ਦੇਣ।’’
ਉਂਜ ਸਰਬ ਪਾਰਟੀ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਨੇ ਮਨੀਪੁਰ ਮੁੱਦੇ ’ਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਤੋਂ ਇਲਾਵਾ ਦਿੱਲੀ ਸੇਵਾਵਾਂ ਆਰਡੀਨੈਂਸ ਵਾਪਸ ਲੈਣ, ਕਰਨਾਟਕ ਖੁਰਾਕ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ, ਤਾਮਿਲ ਨਾਡੂ ਦੇ ਮੰਤਰੀਆਂ ਖਿਲਾਫ਼ ਈਡੀ ਦੀ ਕਾਰਵਾਈ, ਮਹਿੰਗਾਈ, ਬਾਲਾਸੌਰ ਰੇਲ ਹਾਦਸਾ ਤੇ ਸਰਹੱਦ ’ਤੇ ਚੁਣੌਤੀਆਂ ਜਿਹੇ ਮੁੱਦਿਆਂ ’ਤੇ ਚਰਚਾ ਦੀ ਵੀ ਮੰਗ ਕੀਤੀ। ਸ਼ਿਵ ਸੈਨਾ ਆਗੂ ਰਾਹੁਲ ਸ਼ਿਵਾਲੇ ਨੇ ਆਸ ਜਤਾਈ ਕਿ ਸਰਕਾਰ ਸਾਂਝਾ ਸਿਵਲ ਕੋਡ ਦੇਸ਼ ਵਿੱਚ ਲਾਗੂ ਕਰਨ ਲਈ ਸੰਸਦ ਵਿੱਚ ਬਿਲ ਲਿਆਏਗੀ। ਇੰਡੀਅਨ ਯੂਨੀਅਨ ਮੁਸਲਿਮ ਲੀਗ ਆਗੂ ਈ.ਟੀ.ਮੁਹੰਮਦ ਬਸ਼ੀਰ ਨੇ ਸਰਕਾਰ ਨੂੰ ਕਿਹਾ ਕਿ ਉਹ ਸਾਂਝੇ ਸਿਵਲ ਕੋਡ ਨੂੰ ਲੈ ਕੇ ਕਿਸੇ ਵੀ ਪੇਸ਼ਕਦਮੀ ਤੋਂ ਬਚੇ। ਬੀਜੂ ਜਨਤਾ ਦਲ (ਬੀਜੇਡੀ) ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਮੰਗ ਕੀਤੀ। ਵਾਈਐੱਸਆਰ ਕਾਂਗਰਸ, ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੇ ਖੱਬੀਆਂ ਪਾਰਟੀਆਂ ਨੇ ੲਿਸ ਮੰਗ ਦੀ ਹਮਾਇਤ ਕੀਤੀ।
ਬੀਜੇਡੀ ਦੇ ਰਾਜ ਸਭਾ ਮੈਂਬਰ ਸਸਮਿਤ ਪਾਤਰਾ ਨੇ ਕਿਹਾ ਕਿ ਉਨ੍ਹਾਂ ਬੈਠਕ ਵਿੱਚ ਗਰੀਬ ਲੋਕਾਂ ਲਈ ਸੱਤ ਲੱਖ ਤੋਂ ਵੱਧ ਘਰਾਂ ਦੇ ਨਿਰਮਾਣ ਦੇ ਬਕਾਇਆ ਕੰਮ ਦਾ ਮੁੱਦਾ ਰੱਖਿਆ। ਸਰਬ ਪਾਰਟੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਜੈਰਾਮ ਰਮੇਸ਼ ਤੇ ਪ੍ਰਮੋਦ ਤਿਵਾੜੀ, ਡੀਐਮਕੇ ਆਗੂ ਟੀਆਰਬਾਲੂ ਤੇ ਤਿਰੁਚੀ ਸ਼ਿਵਾ, ਏਆਈਐੱਮਆਈਐੱਮ ਆਗੂ ਅਸਦੂਦੀਨ ਓਵਾਇਸੀ ਅਤੇ ਹੋਰ ਆਗੂ ਹਾਜ਼ਰ ਸਨ।