ਭਾਜਪਾ ਵਿਧਾਇਕ ਦਲ ਦੇ ਨੇਤਾ ਅਤੇ ਉਜੈਨ ਤੋਂ ਵਿਧਾਇਕ ਮੋਹਨ ਯਾਦਵ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 58 ਸਾਲਾ ਯਾਦਵ ਨੂੰ ਸੂਬੇ ਦੀ ਰਾਜਧਾਨੀ ਭੁਪਾਲ ਦੇ ਲਾਲ ਪਰੇਡ ਗਰਾਊਂਡ ’ਚ ਰਾਜਪਾਲ ਮੰਗੂਭਾਈ ਪਟੇਲ ਨੇ ਅਹੁਦੇ ਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਮਲਹਾਰਗੜ੍ਹ ਤੋਂ ਵਿਧਾਇਕ ਜਗਦੀਸ਼ ਦੇਵੜਾ ਅਤੇ ਰੀਵਾ ਤੋਂ ਵਿਧਾਇਕ ਰਾਜੇਂਦਰ ਸ਼ੁਕਲਾ ਨੇ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਸਮਾਗਮ ’ਚ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਡਿਪਟੀ ਦੇਵੇਂਦਰ ਫੜਨਵੀਸ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ, ਕੇਂਦਰੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਤੇ ਨਿਤਿਨ ਗਡਕਰੀ ਵੀ ਹਾਜ਼ਰ ਸਨ। ਸਹੁੰ ਚੁੱਕਣ ਤੋਂ ਪਹਿਲਾਂ ਯਾਦਵ ਨੇ ਮੰਦਰ ਜਾ ਕੇ ਮੱਥਾ ਟੇਕਿਆ। ਉਹ ਭਾਜਪਾ ਦਫ਼ਤਰ ਵੀ ਗਏ ਜਿਥੇ ਉਨ੍ਹਾਂ ਪੰਡਤ ਦੀਨਦਿਆਲ ਉਪਾਧਿਆਏ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੂਬੇ ’ਚ ਸਿੱਖਿਆ, ਸਿਹਤ, ਰੁਜ਼ਗਾਰ ਨੂੰ ਤਵੱਜੋ ਦੇਣਗੇ।