ਘਨੌਰ/ਰਾਜਪੁਰਾ 29 ਮਈ:
ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ ਜੱਟਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੰਡ ਮੰਗੌਲੀ ‘ਚ ਲਗਭਗ 20 ਲੱਖ ਰੁਪਏ ਦੀ ਗ੍ਰਾਂਟ ਨਾਲ ਬਣੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਜ਼ਿਕਰਯੋਗ ਹੈ ਕਿ ਸਕੂਲ ਫਰੀਦਪੁਰ ਜੱਟਾਂ ਵਿੱਚ 9.47 ਲੱਖ ਰੁਪਏ ਦੀ ਲਾਗਤ ਨਾਲ ਸਮਾਰਟ ਫ਼ਰਨੀਚਰ ਅਤੇ ਚਾਰਦੀਵਾਰੀ ਬਣਾਈ ਗਈ, ਜਦਕਿ ਸਕੂਲ ਜੰਡ ਮੰਗੌਲੀ ਵਿੱਚ 10.70 ਲੱਖ ਰੁਪਏ ਦੀ ਲਾਗਤ ਨਾਲ ਸਮਾਰਟ ਕਲਾਸਰੂਮ ਅਤੇ ਚਾਰਦੀਵਾਰੀ ਦੀ ਨਿਰਮਾਣ ਹੋਇਆ ਹੈ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ ਤੇ ਹੋਰ ਸਭਿਆਚਾਰਕ ਪ੍ਰਸਤੁਤੀਆਂ ਨਾਲ ਹੋਈ। ਸਕੂਲ ਮੁਖੀ ਸੰਦੀਪ ਕੁਮਾਰ ਅਤੇ ਸਲੀਮ ਖਾਂ ਨੇ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਵਿਧਾਇਕ ਗੁਰਲਾਲ ਘਨੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੁਣਵੱਤਾਪੂਰਨ ਸਿੱਖਿਆ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ‘ਤੇ ਲੱਗੀ ਕਰੋੜਾਂ ਰੁਪਏ ਦੀ ਰਾਸ਼ੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰੇਗੀ।
ਉਨ੍ਹਾਂ ਨੇ ਚੰਗੇ ਨਤੀਜੇ ਲਿਆਉਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਦੌਲਤ ਰਾਮ, ਬੀ. ਐਨ. ਓ. ਹਰਪ੍ਰੀਤ ਸਿੰਘ, ਬੀ. ਪੀ. ਈ. ਓ. ਸੁਰਜੀਤ ਸਿੰਘ, ਸਕੂਲ ਹੈੱਡ ਟੀਚਰ, ਸਰਪੰਚਾਂ, ਕੌਂਸਲਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਰਹੇ।