ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਵੇਂ ਤਹਿਸੀਲ ਕੰਪਲੈਕਸ ਉਸਾਰਨ ਲਈ ਅਤੇ ਕਈ ਤਹਿਸੀਲਾਂ/ਸਬ-ਤਹਿਸੀਲਾਂ ਦੇ ਦਫ਼ਤਰਾਂ ਦੀ ਅੱਪਗ੍ਰੇਡੇਸ਼ਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਤੋਂ ਬਾਅਦ 99.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਅਤੇ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਈ ਤਹਿਸੀਲ/ਸਬ-ਤਹਿਸੀਲ ਦਫ਼ਤਰਾਂ ਦੀ ਨਵ ਉਸਾਰੀ ਲਈ ਪਹਿਲਕਦਮੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਫ਼ਤਰ ਪੁਰਾਣੀਆਂ ਅਤੇ ਖਸਤਾ ਹਾਲ ਇਮਾਰਤਾਂ ਵਿਚ ਚੱਲ ਰਹੇ ਸਨ ਅਤੇ ਕਈ ਥਾਂਈ ਸਹੂਲਤਾਂ ਦੀ ਘਾਟ ਸੀ। ਇਸ ਲਈ ਇਨ੍ਹਾਂ ਦਫ਼ਤਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ 99.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਜੀਪੁਰ ਤਹਿਸੀਲ ਕੰਪਲੈਕਸ ਲਈ 2.52 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਬਠਿੰਡਾ ਜ਼ਿਲ੍ਹੇ ਦੀਆਂ ਤਿੰਨ ਸਬ ਤਹਿਸੀਲਾਂ ਗੋਨਿਆਣਾ, ਨਥਾਣਾ ਤੇ ਬਾਲਿਆਂਵਾਲੀ ਦੇ ਕੰਪਲੈਕਸਾਂ ਦੀ ਉਸਾਰੀ ਲਈ ਕ੍ਰਮਵਾਰ 1.04 ਕਰੋੜ ਰੁਪਏ, 1.47 ਕਰੋੜ ਰੁਪਏ ਤੇ 1.42 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਤਲਵੰਡੀ ਸਾਬੋ ਦੇ ਤਹਿਸੀਲ ਕੰਪਲੈਕਸ ਦੇ ਨਿਰਮਾਣ ਲਈ 5.98 ਕਰੋੜ ਰੁਪਏ ਦਿੱਤੇ ਗਏ ਹਨ।
ਜਿੰਪਾ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਜੈਤੋ ‘ਚ ਤਹਿਸੀਲ ਕੰਪਲੈਕਸ ਦੇ ਪਹਿਲੇ ਫਲੋਰ ਦੀ ਉਸਾਰੀ ਤੇ ਗਰਾਊਂਡ ਫਲੋਰ ਦੀ ਰਿਪੇਅਰ ਲਈ 98.98 ਲੱਖ ਰੁਪਏ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਬੱਸੀ ਪਠਾਣਾਂ ਵਿਖੇ ਨਵੀਂ ਇਮਾਤਰ ਦੀ ਉਸਾਰੀ ਲਈ 8.61 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਅਬੋਹਰ ਵਿਖੇ ਨਵੀਂ ਇਮਾਰਤ ਦੀ ਉਸਾਰੀ ਲਈ 3.50 ਕਰੋੜ ਰੁਪਏ ਜਦਕਿ ਗੁਰੂ ਹਰਸਹਾਏ ਦੀ ਨਵੀਂ ਇਮਾਰਤ ਲਈ 6.19 ਕਰੋੜ ਰੁਪਏ ਦਿੱਤੇ ਗਏ ਹਨ।