ਪਟਿਆਲਾ, 23 ਅਗਸਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਗਾਜਰ ਘਾਹ ਦੇ ਖਾਤਮੇ ਸਬੰਧੀ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭੀਖੀ ਦੀ ਅਗਵਾਈ ਹੇਠ ਗਾਜਰ ਘਾਹ ਦੇ ਖਾਤਮੇ ਲਈ ਮਿਤੀ 16 ਤੋ 22 ਅਗਸਤ, 2024 ਤੱਕ ਮੁfਹੰਮ ਚਲਾਈ ਗਈ। ਇਹ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਸ਼ੁਰੂ ਕੀਤੀ ਗਈ ਅਤੇ ਕਿਸਾਨਾਂ ਅਤੇ ਸਥਾਨਕ ਵਿਅਕਤੀਆਂ ਨੂੰ ਗਾਜਰ ਘਾਹ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ।
ਡਾ. ਹਰਦੀਪ ਸਿੰਘ ਸਭੀਖੀ ਨੇ ਦੱਸਿਆ ਕਿ ਗਾਜਰ ਘਾਹ ਦਾ ਬੂਟਾ ਹਰ ਤਰ੍ਹਾਂ ਦੇ ਵਾਤਾਵਰਣ ਵਿਚ ਉੱਗਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਇਹ ਇੱਕ ਸਾਲ ਵਿੱਚ 2-3 ਪੀੜ੍ਹੀਆਂ ਪੂਰੀਆਂ ਕਰ ਲੈਂਦਾ ਹੈ। ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਗਾਜਰ ਘਾਹ ਦੇ ਉੱਗਣ ਅਤੇ ਫੈਲਣ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਦੱਸਿਆ ਕਿ ਜਿਥੇ ਵੀ ਕਿਸੇ ਨੂੰ ਗਾਜਰ ਘਾਹ ਦਾ ਬੂਟਾ ਨਜ਼ਰ ਆਵੇ, ਉਸ ਨੂੰ ਜੜ੍ਹ ਸਮੇਤ ਪੁੱਟ ਦਿੱਤਾ ਜਾਵੇ ਜਾ ਫੇਰ ਨਦੀਨ ਨਾਸ਼ਕ ਦੀ ਸਪਰੇਅ ਕੀਤੀ ਜਾਵੇ।
ਡਾ. ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਾਜਰ ਘਾਹ ਨਾ ਕੇਵਲ ਮਨੁੱਖਾਂ ਨੂੰ, ਬਲਕਿ ਪਸ਼ੂਆਂ ਦੀ ਵੀ ਸਿਹਤ ਲਈ ਹਾਨੀਕਾਰਕ ਹੈ। ਇਸ ਲਈ ਇਸ ਜ਼ਹਿਰੀਲੀ ਬੂਟੀ ਦਾ ਖਾਤਮਾ ਬੇਹੱਦ ਜ਼ਰੂਰੀ ਹੈ।