ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਯੂਰੋਪੀਅਨ ਸੰਸਦ ਦੇ ਮੈਂਬਰਾਂ ਦੇ ਇੱਕ ਡੈਲੀਗੇਟ ਨਾਲ ਮੁਲਾਕਾਤ ਕੀਤੀ ਭੂ-ਰਾਜਨੀਤਕ ਤਬਦੀਲੀਆਂ, ਸਪਲਾਈ ਲੜੀ ਸੁੁਰੱਖਿਆ ਅਤੇ ਡਿਜੀਟਲ ਸੰਵੇਦਨਸ਼ੀਲਤਾ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ।
ਜੈਸ਼ੰਕਰ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਭਾਰਤ ਦੌਰੇ ’ਤੇ ਆਏ ਯੂਰੋਪੀਅਨ ਸੰਸਦ ਦੇ ਮੈਂਬਰਾਂ ਨੂੰ ਮਿਲ ਕੇ ਖੁਸ਼ੀ ਹੋਈ। ਭੂ-ਰਾਜਨੀਤਕ ਤਬਦੀਲੀਆਂ, ਸਪਲਾਈ ਲੜੀ ਸੁੁਰੱਖਿਆ, ਡਿਜੀਟਲ ਸੰਵੇਦਨਸ਼ੀਲਤਾ, ਮਸਨੂੁਈ ਬੌਧਿਕਤਾ (ਏਆਈ) ਅਤੇ ਸੁਮੰਦਰੀ ਸੁਰੱਖਿਆ ਬਾਰੇ ਲਾਭਕਾਰੀ ਚਰਚਾ ਹੋਈ।’’ ਵਿਦੇਸ਼ ਮੰਤਰੀ ਨੇ ਸ੍ਰੀਲੰਕਾਈ ਸੰਸਦੀ ਡੈਲੀਗੇਟ ਨਾਲ ਵੀ ਮੁਲਾਕਾਤ ਕੀਤੀ। ਜੈਸ਼ੰਕਰ ਨੇ ਆਖਿਆ, ‘‘ਸਪੀਕਰ ਮਹਿੰਦਾ ਯਾਪਾ ਅਬੈਵਰਦਨਾ ਦੀ ਅਗਵਾਈ ਵਾਲੇ ਸ੍ਰੀਲੰਕਾਈ ਸੰਸਦੀ ਵਫ਼ਦ ਨਾਲ ਚੰਗੀ ਗੱਲਬਾਤ ਹੋਈ। ਸ੍ਰੀਲੰਕਾ ਵਿੱਚ ਵਿੱਤੀ ਸੰਕਟ ਤੋਂ ਉਭਰਨ ’ਚ ਭਾਰਤ ਵੱਲੋਂ ਕੀਤੀ ਸਹਾਇਤਾ ਸਬੰਧੀ ਉਨ੍ਹਾਂ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਦੀ ਮੈਂ ਸ਼ਲਾਘਾ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਵਫ਼ਦ ਨਾਲ ਨਿਵੇਸ਼, ਸੈਰ-ਸਪਾਟਾ, ਪ੍ਰਾਜੈਕਟਾਂ ਅਤੇ ਲੋਕਾਂ ਵਿਚਾਲੇ ਅਦਾਨ-ਪ੍ਰਦਾਨ ਸਣੇ ਵੱਖ-ਵੱਖ ਖੇਤਰਾਂ ’ਚ ਆਪਸੀ ਸਹਿਯੋਗ ਹੋਰ ਵਧਾਉਣ ਬਾਰੇ ਚਰਚਾ ਕੀਤੀ।’’ ਇਸ ਤੋਂ ਇਲਾਵਾ ਜੈਸ਼ੰਕਰ ਨੇ ਵੱਖਰੇ ਤੌਰ ’ਤੇ ਪੱਛਮੀ-ਅਫਰੀਕੀ ਮੁਲਕ ਬੈਨਿਨ ਦੇ ਵਿਦੇਸ਼ ਮੰਤਰੀ ਓਲਸ਼ੇਗੁਨ ਬਾਕਾਰੀ ਨਾਲ ਵੀ ਦੁਵੱਲੇ ਸਿਆਸੀ, ਆਰਥਿਕ ਅਤੇ ਵਿਕਾਸ ਸਬੰਧੀ ਸਹਿਯੋਗ ਬਾਰੇ ਚਰਚਾ ਕੀਤੀ।