ਪਟਿਆਲਾ, 19 ਜੁਲਾਈ:
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਆਧਾਰ ਕਾਰਡ ਨੂੰ ਸਮੇਂ ਸਮੇਂ ’ਤੇ ਅੱਪਡੇਟ ਕਰਵਾਉਣਾ ਬਹੁਤ ਜ਼ਰੂਰੀ ਹੈ ਨਹੀਂ ਲੋੜ ਸਮੇਂ ਆਧਾਰ ਕਾਰਡ ਅੱਪਡੇਟ ਨਾ ਹੋਣ ਕਾਰਨ ਨਾਗਰਿਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨੀਟ ਜਾ ਫੇਰ ਹੋਰ ਦਾਖਲੇ ਦੀਆਂ ਪ੍ਰੀਖਿਆਵਾਂ ਸਮੇਂ ਵਿਦਿਆਰਥੀਆਂ ਵੱਲੋਂ ਆਧਾਰ ਕਾਰਡ ’ਚ ਆਪਣਾ ਬਾਇਓਮੀਟ੍ਰਿਕ ਅੱਪਡੇਟ ਨਾ ਕਰਵਾਉਣ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਾਰਨ ਪੈਦਾ ਹੈ, ਇਸ ਲਈ ਸਮੇਂ ਸਮੇਂ ’ਤੇ ਆਧਾਰ ਕਾਰਡ ਨੁੰ ਅੱਪਡੇਟ ਕਰਵਾਇਆ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੇ ਬੱਚਿਆਂ ਦਾ ਆਧਾਰ ਕਾਰਡ (ਬਾਇਓਮੀਟ੍ਰਿਕ) ਮੁਫਤ ਵਿੱਚ ਅੱਪਡੇਟ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਇਸ ਸਮੇਂ ਦੌਰਾਨ ਆਧਾਰ ਅੱਪਡੇਟ ਨਹੀਂ ਕਰਵਾਉਂਦਾ ਤਾਂ ਉਸ ਨੂੰ ਬਣਦੀ ਫ਼ੀਸ ਦਾ ਭੁਗਤਾਨ ਕਰਕੇ ਹੀ ਆਧਾਰ ਅੱਪਡੇਟ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ ਲਈ ਮਾਪਿਆ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਿਹਤ ਵਿਭਾਗ ਪਿਛਲੇ 5 ਸਾਲਾਂ ਵਿੱਚ ਜਨਮੇ ਬੱਚਿਆਂ ਦਾ ਰਿਕਾਰਡ ਤਿਆਰ ਕਰਕੇ ਭੇਜੇ ਤਾਂ ਜੋ ਰਹਿ ਗਏ ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵ ਜਨਮੇ ਬੱਚੇ ਤੋਂ 3 ਸਾਲ ਦੇ ਬੱਚੇ ਦਾ ਰਿਕਾਰਡ ਆਂਗਣਵਾੜੀ ਵਰਕਰਾਂ ਪਾਸ ਅਤੇ 3 ਤੋਂ 5 ਸਾਲ ਦੇ ਬੱਚਿਆਂ ਦਾ ਰਿਕਾਰਡ ਸਿੱਖਿਆ ਵਿਭਾਗ ਪਾਸ ਮੌਜੂਦ ਹੈ ਇਸ ਲਈ ਰਿਕਾਰਡ ਨੂੰ ਵਾਂਚਕੇ ਅਜਿਹੇ ਬੱਚਿਆਂ ਦਾ ਪਹਿਚਾਣ ਕੀਤੀ ਜਾਵੇ ਜਿਨ੍ਹਾਂ ਦੇ ਆਧਾਰ ਕਾਰਡ ਹਾਲੇ ਤੱਕ ਨਹੀਂ ਬਣੇ ਹਨ। ਉਨ੍ਹਾਂ ਸਿੱਖਿਆ ਵਿਭਾਗ ਨੂੰ ਸਮਾਂ ਸਾਰਣੀ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ 20 ਸਕੂਲਾਂ ਵਿੱਚ ਆਧਾਰ ਕਾਰਡ ਅੱਪਡੇਟ ਦੇ ਕੈਂਪ ਲਗਾਕੇ ਵਿਦਿਆਰਥੀਆਂ ਦੇ ਆਧਾਰ ਕਾਰਡ ਅੱਪਡੇਟ ਕੀਤੇ ਜਾਣ।
ਇਸ ਮੌਕੇ ਖੇਤਰੀ ਦਫ਼ਤਰ ਦੇ ਡਾਇਰੈਕਟਰ ਯੂ.ਆਈ.ਡੀ.ਏ.ਆਈ ਸੰਜੀਵ ਮਹਾਜਨ ਨੇ ਦੱਸਿਆ ਕਿ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਅੱਪਡੇਟ ਕਰਵਾਉਣਾ ਜ਼ਰੂਰੀ ਹੈ ਅਤੇ ਇਸ ਵਿੱਚ ਪਹਿਚਾਣ ਅਤੇ ਪਤੇ ਦਾ ਪਰੂਫ਼ ਅੱਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਆਨਲਾਈਨ ਤੇ ਆਫ਼ਲਾਈਨ ਦੋਵੇਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨ ਲਾਈਨ ਕੋਈ ਵੀ ਨਾਗਰਿਕ 14 ਸਤੰਬਰ ਤੱਕ ਮੁਫ਼ਤ ਵਿੱਚ ਆਪਣਾ ਆਧਾਰ ਅੱਪਡੇਟ ਕਰ ਸਕਦਾ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਉਠਾਉਣ ਲਈ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅਪਡੇਟ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ 14 ਸਤੰਬਰ, 2024 ਤੱਕ ਦਸਤਾਵੇਜ਼ ਅੱਪਡੇਟ ਦੀ ਸਹੂਲਤ ਮੁਫ਼ਤ ਹੈ।