ਦੀਰ ਅਲ-ਬਲਾਹ, 21 ਨਵੰਬਰ
ਇਜ਼ਰਾਈਲ ਦੀ ਸੈਨਾ ਨੇ ਅੱਜ ਉੱਤਰੀ ਗਾਜ਼ਾ ਦੇ ਇਕ ਹੋਰ ਹਸਪਤਾਲ ਨੇੜੇ ਹਮਾਸ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਵੇਰਵਿਆਂ ਮੁਤਾਬਕ ਹਸਪਤਾਲ ਦੇ ਗੇਟ ਦੇ ਬਾਹਰ ਟਕਰਾਅ ਚੱਲ ਰਿਹਾ ਹੈ। ਹਸਪਤਾਲ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਮਰੀਜ਼, ਉੱਜੜੇ ਹੋਏ ਲੋਕ ਤੇ ਸ਼ਰਨਾਰਥੀ ਮੌਜੂਦ ਹਨ। ਇਸ ਤੋਂ ਇਲਾਵਾ ਨੇੜੇ ਸਥਿਤ ਇਕ ਸ਼ਹਿਰੀ ਸ਼ਰਨਾਰਥੀ ਕੈਂਪ ਵਿਚ ਵੀ ਇਜ਼ਰਾਇਲੀ ਸੈਨਾ ਫਲਸਤੀਨੀ ਅਤਿਵਾਦੀਆਂ ਦਾ ਸਾਹਮਣਾ ਕਰ ਰਹੀ ਹੈ। ਸੈਨਾ ਨੇ ਉੱਤਰੀ ਗਾਜ਼ਾ ਵਿਚ ਹਮਾਸ ਵਿਰੁੱਧ ਕਾਰਵਾਈ ਦਾ ਦਾਇਰਾ ਵਧਾ ਦਿੱਤਾ ਹੈ, ਜਿੱਥੇ ਲੋਕ ਕਈ ਹਫ਼ਤਿਆਂ ਤੋਂ ਬਿਜਲੀ, ਪਾਣੀ ਤੇ ਹੋਰ ਸਹਾਇਤਾ ਬਿਨਾਂ ਜ਼ਿੰਦਗੀ ਕੱਟ ਰਹੇ ਹਨ। ਸੱਤਵੇਂ ਹਫ਼ਤੇ ਵਿਚ ਦਾਖਲ ਹੋਈ ਜੰਗ ਹੁਣ ਜਬਾਲੀਆ ਕੈਂਪ ’ਤੇ ਕੇਂਦਰਿਤ ਹੋ ਗਈ ਹੈ। ਇਜ਼ਰਾਈਲ ਇਸ ਇਲਾਕੇ ’ਤੇ ਹਫ਼ਤਿਆਂ ਤੋਂ ਬੰਬਾਰੀ ਕਰ ਰਿਹਾ ਹੈ। ਕੈਂਪ ਦੇ ਬਾਹਰਵਾਰ ਸਥਿਤ ਇੰਡੋਨੇਸ਼ਿਆਈ ਹਸਪਤਾਲ ਦੇ ਬਾਹਰ ਜੰਗ ਤਿੱਖੀ ਹੋ ਗਈ ਹੈ। ਇੱਥੇ ਸੋਮਵਾਰ ਹੋਏ ਹਮਲੇ ਵਿਚ 12 ਲੋਕ ਮਾਰੇ ਗਏ ਸਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੈਂਕੜੇ ਮਰੀਜ਼ ਤੇ ਹੋਰ ਥਾਵਾਂ ਤੋਂ ਉੱਜੜ ਕੇ ਆਏ ਲੋਕ ਇੱਥੇ ਫਸੇ ਹੋਏ ਹਨ ਜਦਕਿ ਸੋਮਵਾਰ ਇੱਥੋਂ 200 ਲੋਕਾਂ ਨੂੰ ਕੱਢਿਆ ਵੀ ਗਿਆ ਸੀ। ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਕਹਿਣਾ ਹੈ ਕਿ ਉੱਤਰੀ ਗਾਜ਼ਾ ਦੇ ਕੈਂਪਾਂ ਵਿਚ ਹਾਲੇ ਵੀ ਕਰੀਬ 1,60,000 ਲੋਕ ਮੌਜੂਦ ਹਨ। ਇਜ਼ਰਾਈਲ ਕਈ ਵਾਰ ਲੋਕਾਂ ਨੂੰ ਇੱਥੋਂ ਦੱਖਣ ਵੱਲ ਜਾਣ ਲਈ ਕਹਿ ਚੁੱਕਾ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਕਰੀਬ 17 ਲੱਖ ਫਲਸਤੀਨੀ ਆਪਣਾ ਘਰ ਛੱਡਣ ਲਈ ਮਜਬੂਰ ਹੋਏ ਹਨ। ਉੱਜੜੇ ਹੋਏ ਹਜ਼ਾਰਾਂ ਲੋਕ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿਚ ਸ਼ਰਨ ਲੈ ਕੇ ਬੈਠੇ ਹਨ ਜੋ ਕਿ ਦੱਖਣੀ ਗਾਜ਼ਾ ਵਿਚ ਸਥਿਤ ਹਨ। ਪੂਰੇ ਗਾਜ਼ਾ ਵਿਚ ਖੁਰਾਕੀ ਵਸਤਾਂ, ਪਾਣੀ ਤੇ ਈਂਧਣ ਦੀ ਵੱਡੀ ਕਮੀ ਹੈ। ਹਜ਼ਾਰਾਂ ਫਲਸਤੀਨੀਆਂ ਨੇ ਉੱਤਰੀ ਗਾਜ਼ਾ ਵਿਚ ਹਸਪਤਾਲਾਂ ਵਿਚ ਸ਼ਰਨ ਲਈ ਹੋਈ ਹੈ ਪਰ ਜੰਗ ਹੁਣ ਹਸਪਤਾਲਾਂ ਦੇ ਗੇਟਾਂ ਤੱਕ ਪਹੁੰਚ ਗਈ ਹੈ। ਕਈ ਹਸਪਤਾਲ ਬੰਦ ਵੀ ਹੋ ਚੁੱਕੇ ਹਨ। ਇੰਡੋਨੇਸ਼ਿਆਈ ਹਸਪਤਾਲ ਦੇ ਇਕ ਵਰਕਰ ਨੇ ਦੱਸਿਆ ਕਿ ਲੜਾਈ ਕਾਰਨ ਐਂਬੂਲੈਂਸਾਂ ਨੂੰ ਅੰਦਰ ਆਉਣ ਵਿਚ ਮੁਸ਼ਕਲ ਆ ਰਹੀ ਹੈ। ਫਲਸਤੀਨੀ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਇਜ਼ਰਾਈਲ ਵੱਲੋਂ ਦਾਗਿਆ ਇਕ ਗੋਲਾ ਹਸਪਤਾਲ ’ਤੇ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਇਜ਼ਰਾਈਲ ਨੇ ਹਮਲੇ ਤੋਂ ਇਨਕਾਰ ਕੀਤਾ ਹੈ, ਪਰ ਨਾਲ ਹੀ ਇਹ ਵੀ ਮੰਨਿਆ ਕਿ ਉਨ੍ਹਾਂ ਅਤਿਵਾਦੀਆਂ ਖਿਲਾਫ ਜਵਾਬੀ ਕਾਰਵਾਈ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦਾ ਟਕਰਾਅ ਹਾਲ ਹੀ ਵਿਚ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਸ਼ਿਫਾ ਵਿਚ ਵੀ ਦੇਖਣ ਨੂੰ ਮਿਲਿਆ ਸੀ। ਉੱਥੇ ਸੈਂਕੜੇ ਮਰੀਜ਼ ਤੇ ਮੈਡੀਕਲ ਵਰਕਰ ਅਤੇ ਨਵਜੰਮੇ ਬੱਚੇ ਫਸ ਗਏ ਸਨ। ਇਜ਼ਰਾਈਲ ਨੇ ਹਸਪਤਾਲ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੇ ਕੁਝ ਸਬੂਤ ਪੇਸ਼ ਕੀਤੇ ਸਨ। -ਏਪੀ