ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ਵਿੱਚ ਭਗਵਾਨ ਰਾਮ ਦੀ ਮੂਰਤੀ ਸਥਾਪਨਾ ਅਤੇ ਦੇਸ਼ ਦੇ ‘ਅੰਮ੍ਰਿਤਕਾਲ’ ਦੀ ਸ਼ੁਰੂਆਤ ਕੋਈ ਇਤਫ਼ਾਕ ਨਹੀਂ ਹੈ, ਸਗੋਂ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਅਗਲੇ 25 ਸਾਲਾਂ ਵਿੱਚ ਆਲਮੀ ਪੱਧਰ ’ਤੇ ਪ੍ਰਮੁੱਖਤਾ ਨਾਲ ਉਭਰੇਗਾ। ਅਯੁੱਧਿਆ ਵਿੱਚ ਅਗਲੇ ਮਹੀਨੇ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਬਾਰੇ ਸ਼ਾਹ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਉਸ ਜਗ੍ਹਾ ’ਤੇ ਮੰਦਰ ਬਣਾਉਣ ਵਿੱਚ ਅਸਫਲ ਰਿਹਾ ਹੈ, ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਇਸ ਨੂੰ 550 ਸਾਲ ਪਹਿਲਾਂ ਢਾਹ ਦਿੱਤਾ ਗਿਆ ਸੀ। ਸ਼ਾਹ ਨੇ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਕਈ ਸੰਤਾਂ ਨੇ ਤਪੱਸਿਆ ਅਤੇ ਪ੍ਰਾਰਥਨਾ ਕੀਤੀ ਪਰ ਮੰਦਰ ਨਹੀਂ ਬਣ ਰਿਹਾ ਸੀ।
ਸਵਾਮੀਨਾਰਾਇਣ ਗੁਰੂਕੁਲ ਵਿਸ਼ਵ ਵਿਦਿਆ ਪ੍ਰਤਿਸ਼ਠਾਨਮ (ਐੱਸਜੀਵੀਪੀ) ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, “(ਅਦਾਲਤੀ) ਕੇਸਾਂ ਨੂੰ ਹੋਰ ਗੁੰਝਲਦਾਰ ਬਣਾਇਆ ਗਿਆ ਅਤੇ ਇਸ ਵਿੱਚ ਦੇਰੀ ਕੀਤੀ ਗਈ। ਇਸ ਤੋਂ ਬਾਅਦ ਨਰੇਂਦਰ ਭਾਈ ਦੀ ਅਗਵਾਈ ਹੇਠ ਸਰਕਾਰ ਬਣੀ ਅਤੇ ਸੰਤਾਂ ਦੇ ਆਸ਼ੀਰਵਾਦ ਅਤੇ ਪ੍ਰੇਰਨਾ ਨਾਲ ਸਾਰੇ ਰਸਤੇ ਆਸਾਨ ਹੋ ਗਏ। ਹੁਣ 22 ਜਨਵਰੀ ਨੂੰ ‘ਰਾਮ ਲੱਲ੍ਹਾ’ ਇਕ ਵਾਰ ਫਿਰ ਆਪਣੇ ਘਰ ਵਿਰਾਜਣਗੇ।’