ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਦੀ ਗੰਭੀਰਤਾ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ’ਤੇ ਸੰਸਦ ਵਿੱਚ ਪਾਏ ਰੌਲੇ-ਰੱਪੇ ਦਰਮਿਆਨ ਸ੍ਰੀ ਮੋਦੀ ਨੇ ਸੱਦਾ ਦਿੱਤਾ ਕਿ ਇਸ ਮਸਲੇ ਨੂੰ ਲੈ ਕੇ ਇਕ ਦੂਜੇ ਨਾਲ ਨਾ ਖਹਿਬੜਿਆ ਜਾਵੇ। ਇਕ ਹਿੰਦੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀਆਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਤੇ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿਛਲੇ ਲੋਕਾਂ ਤੇ ਉਨ੍ਹਾਂ ਦੇ ਅਸਲ ਮੰਤਵ ਦਾ ਪਤਾ ਲਾਉਣਾ ਵੀ ਓਨਾ ਹੀ ਜ਼ਰੂਰੀ ਹੈ। ਅਖ਼ਬਾਰ ਨੇ ਕਿਹਾ ਕਿ ਸ੍ਰੀ ਮੋਦੀ ਨੇ (ਸੁਰੱਖਿਆ ’ਚ) ਸੰਨ੍ਹ ਨੂੰ ‘ਦੁੱਖਦਾਈ ਤੇ ਫਿਕਰਮੰਦੀ ਦਾ ਵਿਸ਼ਾ’ ਦੱਸਿਆ। ਸ੍ਰੀ ਮੋਦੀ ਨੇ ਧਾਰਾ 370 ਬਾਰੇ ਸਰਵਉੱਚ ਅਦਾਲਤ ਦੇ ਫੈਸਲੇ ਦੇ ਹਵਾਲੇ ਨਾਲ ਕਿਹਾ ਕਿ ‘ਬ੍ਰਹਿਮੰਡ ਦੀ ਕੋਈ ਵੀ ਤਾਕਤ’ ਇਸ ਨੂੰ ਵਾਪਸ ਨਹੀਂ ਲਿਆ ਸਕਦੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਂਝੇ ਉੱਦਮ ਨਾਲ ਮਸਲੇ ਦਾ ਹੱਲ ਕੱਢਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਮੁੱਦੇ ’ਤੇ ਸਾਰਿਆਂ ਨੂੰ ਇਕ ਦੂਜੇ ਨਾਲ ਖਹਿਬੜਨ ਤੋਂ ਬਚਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਸੰਸਦ ਵਿੱਚ ਜਿਹੜੀ ਘਟਨਾ ਵਾਪਰੀ, ਉਸ ਦੀ ਸ਼ਿੱਦਤ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।’’ ਉਨ੍ਹਾਂ ਕਿਹਾ ਕਿ ਲੋਕ ਸਭਾ ਸਪੀਕਰ (ਓਮ ਬਿਰਲਾ) ਵੱਲੋਂ ਪੂਰੀ ਗੰਭੀਰਤਾ ਨਾਲ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਭਾਜਪਾ ਵੱਲੋਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਬਿਲਕੁਲ ਨਵੇਂ ਚਿਹਰਿਆਂ ਨੂੰ ਮੁੱਖ ਮੰਤਰੀ ਵਜੋਂ ਮੌਕਾ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਪਿੱਛੇ ਬਹੁਤ ਸਾਰਾ ਤਜਰਬਾ ਤੇ ਸਖ਼ਤ ਮਿਹਨਤ ਹੈ। ਮੁੱਖ ਮੰਤਰੀ ਦੇ ਚਿਹਰਿਆਂ ਲਈ ਭਾਜਪਾ ਦੀ ਚੋਣ ’ਤੇ ਸਵਾਲ ਚੁੱਕਣ ਵਾਲਿਆਂ ’ਤੇ ਚੁਟਕੀ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਲੋਕਾਂ ਦਾ ਇਕ ਵੱਡਾ ਵਰਗ, ਜੋ ਸਮਾਜ ਵਿੱਚ ਅਸਰ ਰਸੂਖ਼ ਰੱਖਦਾ ਹੈ, ਨਿਗੂਣੀ ਤੇ ਤੰਗ ਸੋਚ ਵਿੱਚ ਬੱਝਾ ਹੈ।’’ ਧਾਰਾ 370 ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਵਉੱਚ ਅਦਾਲਤ ਨੇ ਧਾਰਾ 370 ਰੱਦ ਕਰਨ ਦੇ ਸਰਕਾਰ ਦੇ ਫੈਸਲੇ ’ਤੇ ਆਪਣੀ ਮੋਹਰ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਬ੍ਰਹਿਮੰਡ ਦੀ ਕੋਈ ਵੀ ਤਾਕਤ ਇਸ ਨੂੰ ਵਾਪਸ ਨਹੀਂ ਲਿਆ ਸਕਦੀ।’’