ਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ ਮੌਜੂਦਾ ਸਮੇਂ ਅੰਦਰ ਵੱਡੀ ਛਾਲ ਮਾਰੇਗਾ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਤਰ੍ਹਾਂ ਤਿਆਰ ਕਰਨਾ ਪਵੇਗਾ ਕਿ ਉਹ ਦੇਸ਼ ਦੀ ਅਗਵਾਈ ਕਰੇ ਅਤੇ ਕੌਮੀ ਹਿੱਤਾਂ ਨੂੰ ਤਰਜੀਹ ਦੇਵੇ।
‘ਵਿਕਸਿਤ ਭਾਰਤ 2047: ਨੌਜਵਾਨਾਂ ਦੀ ਆਵਾਜ਼’ ਪਹਿਲ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਨੌਜਵਾਨ ਸ਼ਕਤੀ ‘ਤਬਦੀਲੀ ਦੀ ਏਜੰਟ’ ਅਤੇ ‘ਤਬਦੀਲੀ ਦੀ ਲਾਭਪਾਤਰੀ’ ਦੋਵੇਂ ਹੈ। ਉਨ੍ਹਾਂ ਕਿਹਾ, ‘ਕਿਸੇ ਵੀ ਦੇਸ਼ ਦੇ ਜੀਵਨ ’ਚ ਇਤਿਹਾਸ ਇੱਕ ਮੌਕਾ ਦਿੰਦਾ ਹੈ ਜਦੋਂ ਦੇਸ਼ ਆਪਣੀ ਵਿਕਾਸ ਯਾਤਰਾ ’ਚ ਤੇਜ਼ੀ ਨਾਲ ਪ੍ਰਗਤੀ ਕਰ ਸਕਦਾ ਹੈ। ਭਾਰਤ ’ਚ ਅਜੇ ਅੰਮ੍ਰਿਤਕਾਲ ਚੱਲ ਰਿਹਾ ਹੈ ਅਤੇ ਇਹ ਭਾਰਤ ਦੇ ਇਤਿਹਾਸ ਦਾ ਉਹ ਸਮਾਂ ਹੈ ਜਦੋਂ ਦੇਸ਼ ਇੱਕ ਲੰਮੀ ਛਾਲ ਲਾਉਣ ਜਾ ਰਿਹਾ ਹੈ।’ ਉਨ੍ਹਾਂ ਕਈ ਮੁਲਕਾਂ ਦੀ ਮਿਸਾਲ ਵੀ ਦਿੱਤੀ ਜਿਨ੍ਹਾਂ ਇੱਕ ਨਿਰਧਾਰਤ ਸਮੇਂ ਅੰਦਰ ਇੰਨੀ ਲੰਮੀ ਛਾਲ ਮਾਰੀ ਕਿ ਵਿਕਸਤ ਮੁਲਕ ਬਣ ਗਏ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹੀ ਸਹੀ ਸਮਾਂ ਹੈ। ਇਸ ਅੰਮ੍ਰਿਤਕਾਲ ਦੇ ਹਰ ਪਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਤੇ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਲਈ ਆਦਰਸ਼ ਬਣਨ ਦਾ ਸੱਦਾ ਦਿੱਤਾ। ਦੇਸ਼ ਦੀ ਤੇਜ਼ੀ ਨਾਲ ਵੱਧ ਰਹੀ ਨੌਜਵਾਨ ਅਬਾਦੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਆਉਣ ਵਾਲੇ 25-30 ਸਾਲਾਂ ਤੱਕ ਕੰਮ ਕਰਨ ਦੇ ਯੋਗ ਅਬਾਦੀ ਦੇ ਮਾਮਲੇ ’ਚ ਮੋਹਰੀ ਬਣਨ ਜਾ ਰਿਹਾ ਹੈ ਅਤੇ ਦੁਨੀਆ ਇਸ ਗੱਲ ਨੂੰ ਸਮਝਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਗਲੇ 25 ਸਾਲ ਅੱਜ ਦੇ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਨੌਜਵਾਨਾਂ ਦੇ ਕਰੀਅਰ ਲਈ ਫ਼ੈਸਲਾਕੁਨ ਹੋਣਗੇ।