ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਰੁਤੂਰਾਜ ਗਾਇਕਵਾੜ ਤੇ ਇਸ਼ਾਨ ਕਿਸ਼ਨ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਇਲਾਵਾ ਰਵੀ ਬਿਸ਼ਨੋਈ ਤੇ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਦੂਜੇ ਟੀ-20 ਮੈਚ ਵਿੱਚ ਆਸਟਰੇਲੀਆ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਵੱਲੋਂ ਮਿਲੇ 236 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ 191 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਮਾਰਕਸ ਸਟੋਇਨਸ ਨੇ ਸਭ ਤੋਂ ਵੱਧ 45 ਦੌੜਾਂ ਜਦਕਿ ਕਪਤਾਨ ਮੈਥਿਊ ਵੇਡ ਨੇ 37 ਦੌੜਾਂ ਬਣਾਈਆਂ।
ਭਾਰਤ ਵੱਲੋਂ ਰਵੀ ਬਿਸ਼ਨੋਈ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਤੇ ਮੁਕੇਸ਼ ਕੁਮਾਰ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਰੁਤੂਰਾਜ ਗਾਇਕਵਾੜ ਤੇ ਇਸ਼ਾਨ ਕਿਸ਼ਨ ਦੇ ਨੀਮ ਸੈਂਕੜਿਆਂ ਤੋਂ ਇਲਾਵਾ ਰਿੰਕੂ ਸਿੰਘ ਦੀਆਂ 31 ਦੌੜਾਂ ਸਦਕਾ ਨਿਰਧਾਰਿਤ 20 ਓਵਰਾਂ ’ਚ 4 ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ ਸਨ। ਯਸ਼ਸਵੀ ਜੈਸਵਾਲ ਨੇ 25 ਗੇਂਦਾਂ ’ਤੇ 53 ਦੌੜਾਂ ਜਦਕਿ ਰੁਤੂਰਾਜ ਗਾਇਕਵਾੜ ਨੇ 43 ਗੇਂਦਾਂ ’ਤੇ 58 ਦੌੜਾਂ ਬਣਾਈਆਂ। ਜੈਸਵਾਲ ਨੇ ਆਪਣੀ ਪਾਰੀ ਦੌਰਾਨ 9 ਚੌਕੇ ਅਤੇ ਛੱਕੇ ਜੜੇ।
ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਇਸ਼ਾਨ ਕਿਸ਼ਨ ਨੇ 3 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 32 ਗੇਂਦਾਂ ’ਤੇ 52 ਦੌੜਾਂ ਬਣਾਈਆਂ ਜਦਕਿ ਰਿੰਕੂ ਨੇ ਸਿਰਫ 9 ਗੇਂਦਾਂ ’ਤੇ 4 ਚੌਕਿਆਂ ਤੇ 2 ਦੀ ਮਦਦ ਨਾਲ ਨਾਬਾਦ 31 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾਉਣ ’ਚ ਮਦਦ ਕੀਤੀ। ਕਪਤਾਨ ਸੂਰਿਅਕੁਮਾਰ ਯਾਦਵ 19 ਦੌੜਾਂ ਬਣਾ ਕੇ ਆਊਟ ਹੋਇਆ। ਆਸਟਰੇਲੀਆ ਵੱਲੋਂ ਨਾਥਨ ਐਲਿਸ ਨੇ ਤਿੰਨ ਵਿਕਟਾਂ ਲਈ ਜਦਕਿ ਇੱਕ ਵਿਕਟ ਮਾਰਕਸ ਸਟੋਇਨਸ ਨੂੰ ਮਿਲੀ।