ਗੱਠਜੋੜ ਨੇ ਬੈਠਕ ਵਿਚ ਫੈਸਲਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਫੈਸਲਾ ਜਲਦੀ ਤੋਂ ਜਲਦੀ ਲਿਆ ਜਾਵੇਗਾ ਤੇ ਇਸ ਸਬੰਧੀ ਪ੍ਰਕਿਰਿਆ ਸੂਬਾ ਪੱਧਰ ਉਤੇ ਸ਼ੁਰੂ ਹੋਵੇਗੀ। ਉਨ੍ਹਾਂ ਆਸ ਜਤਾਈ ਕਿ ਗੱਠਜੋੜ ਦੇ ਭਾਈਵਾਲ ਮਿਲ ਕੇ ਅਖੀਰ ਵਿਚ ਪੰਜਾਬ ਤੇ ਦਿੱਲੀ ਵਿਚਲੇ ਗੁੰਝਲਦਾਰ ਮੁੱਦਿਆਂ ਦਾ ਹੱਲ ਕੱਢ ਲੈਣਗੇ। ਗੁੱਟ ਦੀ ਚੌਥੀ ਮੀਟਿੰਗ ਵਿਚ ਟੀਐਮਸੀ ਨੇ ਜ਼ੋਰ ਦਿੱਤਾ ਕਿ ਸੀਟਾਂ ਦੀ ਵੰਡ 31 ਦਸੰਬਰ ਤੱਕ ਮੁਕੰਮਲ ਹੋਣੀ ਚਾਹੀਦੀ ਹੈ। ਕਾਂਗਰਸ ਨੇ ਜ਼ੋਰ ਦਿੱਤਾ ਕਿ ਸਾਰੇ ਮੁੱਦਿਆਂ ਦੇ ਹੱਲ ਤੋਂ ਬਾਅਦ ਇਸ ਨੂੰ ਜਨਵਰੀ ਦੇ ਦੂਜੇ ਹਫਤੇ ਵਿਚ ਆਖਰੀ ਰੂਪ ਦਿੱਤਾ ਜਾ ਸਕਦਾ ਹੈ। ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ, ‘‘ਗੱਠਜੋੜ ਦੀ ਅੱਜ ਚੌਥੀ ਬੈਠਕ ’ਚ 28 ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੇ ਇਕਜੁੱਟ ਹੋ ਕੇ ਇਹ ਫ਼ੈਸਲਾ ਕੀਤਾ ਕਿ ਅੱਗੇ ਕਿਸ ਤਰ੍ਹਾਂ ਮਿਲ ਕੇ ਕੰਮ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ 8-10 ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਹੈ। ਖੜਗੇ ਨੇ ਕਿਹਾ ਪਹਿਲਾਂ ਸੂਬਾ ਪੱਧਰ ’ਤੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਹੋਵੇਗੀ। ਪ੍ਰਧਾਨ ਮੰਤਰੀ ਦੇ ਚਿਹਰੇ ਨਾਲ ਜੁੜੇ ਸਵਾਲਾਂ ਦੇ ਜਵਾਬ ਵਿੱਚ ਖੜਗੇ ਨੇ ਕਿਹਾ ਕਿ ਪਹਿਲਾਂ ਜਿੱਤ ਕੇ ਆਉਣਾ ਹੈ ਇਸ ਤੋਂ ਬਾਅਦ ਹੀ ਇਸ ਬਾਰੇ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ, ‘‘ਅਸੀਂ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਇਸ ਮਗਰੋਂ ਸੰਸਦ ਮੈਂਬਰ ਜਮਹੂਰੀ ਢੰਗ ਨਾਲ ਫ਼ੈਸਲਾ ਕਰਨਗੇ।’’ ਖੜਗੇ ਨੇ ਵੱਡੀ ਗਿਣਤੀ ’ਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੰਸਦ ’ਚੋਂ ਮੁਅੱਤਲ ਕਰਨ ਦੀ ਨਿੰਦਾ ਕੀਤੀ। ਮੀਟਿੰਗ ’ਚ ਮਤਾ ਪਾਸ ਕੀਤਾ ਗਿਆ ਕਿ ਇਹ ਜਮਹੂਰੀਅਤ ਦੇ ਖ਼ਿਲਾਫ਼ ਹੈ ਤੇ ਇਸ ਖ਼ਿਲਾਫ਼ ਲੜਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਅਸੀਂ ਇਹ ਕਹਿ ਰਹੇ ਹਾਂ ਕਿ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਸੰਸਦ ਵਿੱਚ ਆ ਕੇ ਸੁਰੱਖਿਆ ’ਚ ਹੋਈ ਕੁਤਾਹੀ ਦੇ ਮੁੱਦੇ ’ਤੇ ਬਿਆਨ ਦੇਣ। ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਸੈਸ਼ਨ ਦੌਰਾਨ ਦੂਜੀਆਂ ਥਾਵਾਂ ’ਤੇ ਭਾਸ਼ਣ ਦੇਣ ਅਤੇ ਸੰਸਦ ’ਚ ਨਾ ਆਉਣ।’’ ਕੌਮੀ ਰਾਜਧਾਨੀ ਦੇ ਅਸ਼ੋਕ ਹੋਟਲ ’ਚ ਹੋਈ ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਗੱਠਜੋੜ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਨਤਾ ਦਲ (ਯੂ) ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਪਾਰਟੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ ਲੱਲਨ ਸਿੰਘ, ਤ੍ਰਿਣਮੂਲ ਕਾਂਗਰਸ ਤੋਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ, ਰਾਸ਼ਟਰੀ ਜਨਤਾ ਦਲ ਦੇ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਊਧਵ ਠਾਕਰੇ ਤੇ ਆਦਿੱਤਿਆ ਠਾਕਰੇ ਮੀਟਿੰਗ ’ਚ ਸ਼ਾਮਲ ਸਨ। (ਸਪਾ’ ਮੁਖੀ ਅਖਿਲੇਸ਼ ਯਾਦਵ ਅਤੇ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ, ਡੀਐੱਮਕੇ ਤੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਅਤੇ ਸੀਨੀਅਰ ਆਗੂ ਟੀ.ਆਰ. ਬਾਲੂ, ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲ੍ਹਾ, ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਅੰਤ ਚੌਧਰੀ, ਅਪਨਾ ਦਲ (ਕੇ) ਦੇ ਕ੍ਰਿਸ਼ਨ ਪਟੇਲ ਅਤੇ ਪੱਲਵੀ ਪਟੇਲ ਸਮੇਤ ਹੋਰ ਕਈ ਆਗੂਆਂ ਨੇ ਮੀਟਿੰਗ ’ਚ ਹਿੱਸਾ ਲਿਆ।