ਪਟਿਆਲਾ,10-02-23(ਪ੍ਰੈਸ ਕੀ ਤਾਕਤ ਬਿਊਰੋ): ਅੱਜ ਸਵੇਰੇ ਪਟਿਆਲਾ ਸ਼ਹਿਰ ਦੇ ਸ਼ੇਰਾਂਵਾਲਾ ਗੇਟ ਕੋਲ ਬੂਟ ਪਾਲਿਸ਼ ਤੇ ਜੁੱਤਿਆਂ ਦੀ ਮੁਰੰਮਤ ਕਰਨ ਵਾਲਿਆਂ ਦੇ ਖੋਖਿਆਂ ਅਤੇ ਸਾਮਾਨ ਨੂੰ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਸਵੇਰੇ ਅੱਗ ਲਗਾਕੇ ਸਾੜ ਦਿੱਤਾ ਗਿਆ ਹੈ। ਅੱਗ ਲਗਾਉਣ ਵਾਲੇ ਵਿਅਕਤੀ ਨੂੰ ਲੋਕਾਂ ਨੇ ਫੜ ਕੇ ਕੋਤਵਾਲੀ ਪੁਲੀਸ ਦੇ ਹਵਾਲੇ ਕੀਤਾ ਹੈ। ਪਰ ਉਸ ਵੱਲੋਂ ਅੱਗ ਲਾਉਣ ਦਾ ਕਾਰਨ ਨਹੀਂ ਦੱਸਿਆ ਜਾ ਰਿਹਾ। ਇਸ ਘਟਨਾ ਦਾ ਪਤਾ ਲੱਗਦੇ ਹੀ ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਸੀਨੀਅਰ ਆਗੂ ਸੰਦੀਪ ਬੰਧੂ, ਜਗਤਾਰ ਤਾਰੀ ਦੀ ਅਗਵਾਈ ਵਿਚ ਵਾਲੰਟੀਅਰ ਮੌਕੇ ਤੇ ਪੁੱਜ ਗਏ ਅਤੇ ਸਾਰੀ ਘਟਨਾ ਦੀ ਜਾਣਕਾਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਦਿੱਤੀ। ਵਿਧਾਇਕ ਕੋਹਲੀ ਨੇ ਬੂਟ ਪਾਲਿਸ਼ ਕਰਨ ਵਾਲਿਆਂ ਨਾਲ ਜਿੰਨਾਂ ਦਾ ਨੁਕਸਾਨ ਹੋਇਆ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਅੱਜ ਸਵੇਰੇ ਇਕ ਵਿਅਕਤੀ ਸ਼ੇਰਾਂ ਵਾਲਾ ਗੇਟ ਕੋਲ ਬੂਟ ਰਿਪੇਅਰ ਤੇ ਪਾਲਿਸ਼ ਕਰਨ ਵਾਲਿਆਂ ਦੇ ਖੋਖਿਆਂ ਨੂੰ ਕਥਿਤ ਤੌਰ ’ਤੇ ਅੱਗ ਲੱਗਾ ਰਿਹਾ ਸੀ, ਜਿਸ ਨੂੰ ਇਕ ਦੋਧੀ ਨੇ ਰੋਕਿਆ ਪਰ ਜਦੋਂ ਦੋਧੀ ਉੱਥੋਂ ਚਲਾ ਗਿਆ ਤਾਂ ਉਸ ਨੇ ਅੱਗ ਲਾ ਦਿੱਤੀ। ਉਸ ਨੂੰ ਸਟੇਟ ਬੈਂਕ ਆਫ਼ ਇੰਡੀਆ ਦੇ ਸੁਰੱਖਿਆ ਗਾਰਦਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਕੋਲ ਜਾਣ ਤੋਂ ਬਾਅਦ ਉਹ ਵਿਅਕਤੀ ਹੱਸਦਾ ਰਿਹਾ ਪਰ ਅੱਗ ਲਾਉਣ ਦੇ ਕਾਰਨਾਂ ਬਾਰੇ ਉਹ ਨਹੀਂ ਦੱਸ ਰਿਹਾ। ਆਮ ਲੋਕਾਂ ਨੇ ਅੱਗ ਨੂੰ ਬੁਝਾ ਦਿੱਤਾ ਪਰ ਬੂਟ ਪਾਲਿਸ਼ ਕਰਨ ਵਾਲਿਆਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਲੰਬੇ ਸਮੇਂ ਤੋਂ ਇੱਥੇ 10 ਜਣੇ ਬੂਟ ਪਾਲਿਸ਼ ਕਰਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਮੰਦਭਾਗੀ ਘਟਨਾ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਬੂਟ ਪਾਲਿਸ਼ ਕਰਨ ਵਾਲਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਬੂਟ ਰਿਪੇਅਰ ਅਤੇ ਪਾਲਿਸ਼ ਕਰਨ ਵਾਲਿਆਂ ਭਾਈਚਾਰੇ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸਦਾ ਮੁਆਵਜਾ ਜਲਦ ਤੋਂ ਜਲਦ ਮੇਰੇ ਵੱਲੋਂ ਦਿੱਤਾ ਜਾਵੇਗਾ, ਮੈਂ ਆਪਣੇ ਇਹਨਾਂ ਭਰਾਵਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗਾ। ਸਾਰਾ ਪਟਿਆਲਾ ਸ਼ਹਿਰ ਮੇਰਾ ਪਰਿਵਾਰ ਹੈ ਅਤੇ ਆਪਣੇ ਪਰਿਵਾਰ ਦੇ ਦੁੱਖ ਦਰਦ ਵਿੱਚ ਨਾਲ ਖੜਨਾ ਅਤੇ ਉਹਨਾਂ ਦਾ ਧਿਆਨ ਰੱਖਣਾ ਮੇਰਾ ਫਰਜ਼ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਪਟਿਆਲਾ ਸ਼ਹਿਰ ਵਿੱਚ ਅਜਿਹੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾਂ ਅਤੇ ਗਲਤ ਕੰਮ ਕਰਨ ਵਾਲਿਆਂ ਨੂੰ ਸ਼ਖਤ ਤੋਂ ਸ਼ਖਤ ਸ਼ਜਾ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸ਼ਨ ਦੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ਹਿਰ ਵਿੱਚ ਹੋਰ ਸ਼ਖਤੀ ਨਾਲ ਗਸ਼ਤ ਤੇਜ਼ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਖਤ ਤੋਂ ਸ਼ਖਤ ਕਾਰਵਾਈ ਕਰਨ ਲਈ ਜਰੂਰੀ ਹਦਾਇਤਾਂ ਵੀ ਦਿੱਤੀਆਂ।