ਸਮਰਾਲਾ, 9 ਫਰਵਰੀ (ਡਾ.ਜਤਿੰਦਰ ਕੁਮਾਰ ਝੜੌਦੀ/ਨਵਰੂਪ ਸਿੰਘ ਧਾਲੀਵਾਲ): ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਅਗਵਾਈ ਹੇਠ ਕਮੇਟੀ ਦਾ ਇੱਕ ਵਫਦ ਅਵਾਰਾ ਪਸ਼ੂਆਂ ਦੀਆਂ ਸਮੱਸਿਆ ਦੇ ਹੱਲ ਲਈ ਐਸ. ਡੀ. ਐਮ. ਸਮਰਾਲਾ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਸਮਰਾਲਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਵਾਰਾ ਪਸ਼ੂਆਂ ਦੀ ਬਹੁਤ ਭਰਮਾਰ ਹੋ ਚੁੱਕੀ ਹੈ, ਜਿਸ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ। ਜਿਸ ਪ੍ਰਤੀ ਪ੍ਰਸਾਸ਼ਨ ਗੂੜੀ ਨੀਂਦਰ ਸੁੱਤਾ ਪਿਆ ਹੈ। ਇਨ੍ਹਾਂ ਅਵਾਰਾ ਪਸ਼ੂਆਂ ਦੇ ਝੁੰਡ ਮੇਨ ਚੰਡੀਗੜ੍ਹ ਲੁਧਿਆਣਾ ਸੜਕ ਉੱਤੇ ਆਪਣੇ ਡੇਰਾ ਜਮਾਈ ਬੈਠੇ ਰਹਿੰਦੇ ਹਨ, ਜਿਸ ਨਾਲ ਆਮ ਰਾਹਗੀਰ ਇਨ੍ਹਾਂ ਟਕਰਾ ਜਾਂਦੇ ਹਨ ਅਤੇ ਆਪਣਾ ਜਾਨੀ ਜਾਂ ਮਾਲੀ ਨੁਕਸਾਨ ਕਰਵਾ ਬੈਠਦੇ ਹਨ। ਬੀਤੇ ਦਿਨੀਂ ਪਿੰਡ ਬੌਂਦਲੀ ਲਾਗੇ ਇਨ੍ਹਾਂ ਅਵਾਰਾ ਪਸ਼ੂ ਵਿੱਚ ਕਾਰ ਲੱਗਣ ਕਾਰਨ ਮੋਹਾਲੀ ਵਸਨੀਕ ਆਪਣੀ ਜਾਨ ਗਵਾ ਚੁੱਕਾ ਹੈ। ਇਸ ਤੋਂ ਇਲਾਵਾ ਇਹ ਅਵਾਰਾ ਪਸ਼ੂ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਫਸਲਾਂ ਦਾ ਉਜਾੜਾ ਕਰਦੇ ਹਨ, ਅੱਜ ਕੱਲ ਕਣਕ ਦੀ ਫਸਲ ਦਾ ਇਹ ਪਸ਼ੂ ਕਾਫੀ ਉਜਾੜਾ ਕਰ ਰਹੇ ਹਨ। ਦੂਸਰੇ ਪਾਸੇ ਸਰਕਾਰ ਇਨ੍ਹਾਂ ਅਵਾਰਾ ਪਸ਼ੂਆਂ ਦੇ ਨਾਂ ਤੇ ਬਿਜਲੀ ਬਿੱਲਾਂ ਰਾਹੀਂ ਗਊ ਸੈੱਸ ਅਤੇ ਹੋਰ ਕਾਫੀ ਚੀਜਾਂ ਤੇ ਗਊ ਸੈੱਸ ਲਗਾ ਕੇ ਕਰੋੜਾਂ ਰੁਪਇਆ ਇਕੱਠਾ ਕਰ ਲੈਂਦੀ ਹੈ, ਪ੍ਰੰਤੂ ਇਨ੍ਹਾਂ ਅਵਾਰਾ ਪਸ਼ੂਆਂ ਦਾ ਹੱਲ ਕੋਈ ਨਹੀਂ ਕਰਦੀ। ਯੂਨੀਅਨ ਨੇ ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਸਮਰਾਲਾ ਪ੍ਰਸਾਸ਼ਨ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਵਿੱਚ ਛੱਡੇ ਤਾਂ ਜੋ ਇਨ੍ਹਾਂ ਪਸ਼ੂਆਂ ਕਾਰਨ ਹੁੰਦੇ ਹਾਦਸੇ ਅਤੇ ਕਿਸਾਨਾਂ ਦੇ ਹੋ ਰਹੇ ਆਰਥਿਕ ਨੁਕਸਾਨ ਤੋਂ ਬਚਾਅ ਹੋ ਸਕੇ। ਯੂਨੀਅਨ ਨੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਆਉਂਦੇ ਦਿਨਾਂ ਅੰਦਰ ਪ੍ਰਸਾਸ਼ਨ ਨੇ ਕੋਈ ਯੋਗ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਐਸ. ਡੀ. ਐਮ. ਦਫਤਰ ਦੇ ਅਹਾਤੇ ਵਿੱਚ ਛੱਡ ਬਾਹਰੋਂ ਤਾਲਾ ਲਗਾ ਦੇਣਗੇ, ਜਿਸਦੀ ਸਾਰੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਮੰਗ ਪੱਤਰ ਲੈਣ ਉਪਰੰਤ ਐਸ. ਡੀ. ਐਮ. ਸਮਰਾਲਾ ਨੇ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਸਬੰਧੀ ਜਲਦੀ ਹੀ ਕੋਈ ਹੱਲ ਕੱਢਿਆ ਜਾਵੇਗਾ। ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਹੋਰ ਅਹੁਦੇਦਾਰ ਜਿਨ੍ਹਾਂ ਵਿੱਚ ਕਸ਼ਮੀਰ ਲਾਲ, ਕ੍ਰਿਸ਼ਨ ਲਾਲ, ਗੁਰਨਾਮ ਸਿੰਘ, ਗੁਰਮੇਲ ਸਿੰਘ, ਵਿਜੈ ਕੁਮਾਰ, ਦਲਵੀਰ ਸਿੰਘ, ਨਿਰਮਲ ਸਿੰਘ ਇੰਦਰ ਚੰਦ ਅਤੇ ਕੁਲਵੰਤ ਸਿੰਘ ਤਰਕ ਆਦਿ ਹਾਜਰ ਸਨ।