ਲਾਹੌਰ,20-05-2023(ਪ੍ਰੈਸ ਕੀ ਤਾਕਤ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 9 ਮਈ ਨੂੰ ਗ੍ਰਿਫਤਾਰੀ ਤੋਂ ਬਾਅਦ ਹੋਈ ਹਿੰਸਾ ਕਾਰਨ ਉਨ੍ਹਾਂ ਦੇ ਖਿਲਾਫ ਦਾਇਰ 3 ਮਾਮਲਿਆਂ ਵਿਚ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਖਾਨ ਦੇ ਵਿਰੁੱਧ ਦਰਜ ਮਾਮਲਿਆਂ ਵਿਚੋਂ ਇਕ ਲਾਹੌਰ ਵਿਚ ਕੋਰ ਕਮਾਂਡਰ ਹਾਊਸ ’ਤੇ ਹਮਲੇ ਨਾਲ ਸਬੰਧਤ ਹੈ। ਸ਼ੁੱਕਰਵਾਰ ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਮਨਜ਼ੂਰ ਕਰ ਲਈ।
ਲਾਹੌਰ ਅੱਤਵਾਦ ਰੋਕੂ ਅਦਾਲਤ (ਏ. ਟੀ. ਸੀ.) ਨੇ ਉਨ੍ਹਾਂ ਨੂੰ 2 ਜੂਨ ਤੱਕ ਜ਼ਮਾਨਤ ਦਿੰਦੇ ਹੋਏ ਜਾਂਚ ਦਾ ਹਿੱਸਾ ਬਣਨ ਦਾ ਨਿਰਦੇਸ਼ ਦਿੱਤਾ।
ਜ਼ਮਾਨਤ ਤੋਂ ਬਾਅਦ ਏ. ਟੀ. ਸੀ. ਅਦਾਲਤ ਦੇ ਕਮਰੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 35 ਵਰ੍ਹਿਆਂ ਵਿਚ ਸਰਕਾਰ ਵਲੋਂ ਕਦੇ ਵੀ ਇਸ ਤਰ੍ਹਾਂ ਦੀ ‘ਕਾਰਵਾਈ’ ਨਹੀਂ ਦੇਖੀ। ਇਮਰਾਨ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਜਿਵੇਂ ਸਾਰੇ ਮੌਲਿਕ ਅਧਿਕਾਰ ਖਤਮ ਹੋ ਗਏ ਹਨ, ਸਿਰਫ ਅਦਾਲਤਾਂ ਹੁਣ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰ ਰਹੀਆਂ ਹਨ। ਖਾਨ ਨੇ ਅੱਗੇ ਕਿਹਾ ਕਿ ਜੋ ਵੀ ਹੋ ਜਾਵੇ ਉਹ ‘ਆਖਰੀ ਗੇਂਦ ਤੱਕ’ ਲੜਨਗੇ।