ਛੱਤੀਸਗੜ੍ਹ ਦੇ ਮੁੰਗੇਲੀ ਤੇ ਮਹਾਸਮੁੰਦ ਜ਼ਿਲ੍ਹਿਆਂ ’ਚ ਦੋ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦਾ ਇੱਕੋ-ਇੱਕ ਮਕਸਦ ਛੱਤੀਸਗੜ੍ਹ ਨੂੰ ਲੁੱਟਣਾ ਅਤੇ ਆਪਣਾ ਖਜ਼ਾਨਾ ਭਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ, ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਉਨ੍ਹਾਂ ਦੇ ਨੇੜਲੇ ਅਧਿਕਾਰੀਆਂ ਨੇ ਪੰਜ ਸਾਲਾਂ ਅੰਦਰ ਛੱਤੀਸਗੜ੍ਹ ਨੂੰ ਲੁੱਟਿਆ ਤੇ ਇਸ ਨੂੰ ਬਰਬਾਦ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਆਜ਼ਾਦੀ ਮਿਲਣ ਮਗਰੋਂ ਕਈ ਸਾਲਾਂ ਤੱਕ ਸੱਤਾ ਵਿੱਚ ਰਹਿਣ ਦੇ ਬਾਵਜੂਦ ਓਬੀਸੀ ਲਈ ਰਾਖਵਾਂਕਰਨ ਅਮਲ ਵਿੱਚ ਨਹੀਂ ਲਿਆਂਦਾ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਉੱਪ ਮੁੱਖ ਮੰਤਰੀ ਟੀਐੱਸ ਸਿੰਘ ਦਿਓ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਲਈ ਕਥਿਤ ਸਮਝੌਤੇ ’ਤੇ ਵੀ ਤਨਜ਼ ਕਸਿਆ ਅਤੇ ਕਿਹਾ ਕਿ ਜਦੋਂ ਕਾਂਗਰਸ ਆਪਣੇ ਹੀ ਸੀਨੀਅਰ ਆਗੂਆਂ ਨੂੰ ਧੋਖਾ ਦੇ ਸਕਦੀ ਹੈ ਤਾਂ ਇਹ ਲਾਜ਼ਮੀ ਹੈ ਕਿ ਉਹ ਜਨਤਾ ਨੂੰ ਵੀ ਧੋਖਾ ਦੇਵੇਗੀ ਅਤੇ ਵਾਅਦੇ ਪੂਰੇ ਨਹੀਂ ਕਰੇਗੀ। ਉਨ੍ਹਾਂ ਕਿਹਾ, ‘ਕਾਂਗਰਸ ਇਹ ਸਮਝ ਚੁੱਕੀ ਹੈ ਕਿ ਉਸ ਦਾ ਛੱਤੀਸਗੜ੍ਹ ’ਚ ਸਮਾਂ ਖਤਮ ਹੋ ਚੁੱਕਾ ਹੈ। ਦਿੱਲੀ ਤੋਂ ਆਏ ਕੁਝ ਪੱਤਰਕਾਰ ਮਿੱਤਰਾਂ ਤੇ ਸਿਆਸੀ ਮਾਹਿਰਾਂ ਨੇ ਮੈਨੂੰ ਦੱਸਿਆ ਹੈ ਕਿ ਮੁੱਖ ਮੰਤਰੀ ਖੁਦ ਵੀ ਹਾਰ ਰਹੇ ਹਨ।’ ਉਨ੍ਹਾਂ ਕਿਹਾ, ‘ਕਾਂਗਰਸ ਮੋਦੀ ਨੂੰ ਨਫਰਤ ਕਰਦੀ ਹੈ। ਉਨ੍ਹਾਂ ਇੱਥੋਂ ਤੱਕ ਕਿ ਮੋਦੀ ਦੀ ਜਾਤੀ ਨੂੰ ਵੀ ਨਫਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਤੋਂ ਆਏ ਕਾਂਗਰਸ ਦੇ ਕੁਝ ਮਹਾਗਿਆਨੀ ਆਗੂ ਅੱਜ-ਕੱਲ੍ਹ ਆਪਣੀਆਂ ਰੈਲੀਆਂ ਵਿੱਚ ਮੇਰੀ ਜਾਤੀ ਦਾ ਪ੍ਰਚਾਰ ਕਰ ਰਹੇ ਹਨ। ਕਹਿੰਦੇ ਫਿਰਦੇ ਹਨ ਕਿ ਮੋਦੀ ਤਾਂ ਓਬੀਸੀ ਹੈ। ਇਸ ਤੋਂ ਪਹਿਲਾਂ ਦੇਸ਼ ’ਚ ਜੋ ਚੋਣਾਂ ਹੋਈਆਂ ਉਸ ਵਿੱਚ ਇਹ ਲੋਕ ਮੋਦੀ ਦੇ ਬਹਾਨੇ ਪੂਰੇ ਓਬੀਸੀ ਸਮਾਜ ਨੂੰ ਚੋਰ ਕਹਿ ਰਹੇ ਸਨ। ਇੱਥੇ ਸਾਹੂ ਸਮਾਜ ਨਾਲ ਉਨ੍ਹਾਂ ਪੰਜ ਸਾਲ ਤੱਕ ਕੀ ਕੀਤਾ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਡਾ. ਭੀਮਰਾਓ ਅੰਬੇਡਕਰ ਦਾ ਅਪਮਾਨ ਕੀਤਾ ਹੈ।