ਗਾਜ਼ਾ ਦੇ ਹਸਪਤਾਲ ਵਿੱਚ ਜ਼ਬਰਦਸਤ ਧਮਾਕੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਇਹ ਹਸਪਤਾਲ ਪਹਿਲਾਂ ਹੀ ਜ਼ਖਮੀ ਮਰੀਜ਼ਾਂ ਨਾਲ ਭਰਿਆ ਹੋਇਆ ਸੀ ਅਤੇ ਹੋਰ ਫਲਸਤੀਨੀ ਨਾਗਰਿਕਾਂ ਨੇ ਵੀ ਇੱਥੇ ਪਨਾਹ ਲਈ ਸੀ। ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਹਮਾਸ ਨੇ ਇਸ ਨੂੰ ਇਜ਼ਰਾਇਲੀ ਹਵਾਈ ਹਮਲਾ ਦੱਸਿਆ ਹੈ, ਜਦਕਿ ਇਜ਼ਰਾਇਲੀ ਫੌਜ ਨੇ ਦੋਸ਼ ਲਾਇਆ ਹੈ ਕਿ ਇਹ ਧਮਾਕਾ ਫਲਸਤੀਨੀ ਅਤਿਵਾਦੀਆਂ ਵੱਲੋਂ ਆਪਣੇ ਨਿਸ਼ਾਨੇ ਤੋਂ ਖੁੰਝੇ ਹੋਏ ਰਾਕੇਟ ਕਾਰਨ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਘੱਟੋ-ਘੱਟ 500 ਲੋਕ ਮਾਰੇ ਗਏ ਹਨ।