ਸ਼ਿਮਲਾ, 25 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਫਸੇ 50 ਤੋਂ ਵੱਧ ਲੋਕਾਂ ਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਨੇ ਬਚਾਅ ਲਿਆ। ਸ਼ੇਹਨੂੰ ਗੌਨੀ ਪਿੰਡ ਵਿੱਚ ਵੀਰਵਾਰ ਨੂੰ ਬੱਦਲ ਫਟਣ ਕਾਰਨ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਸੜਕਾਂ ਜਾਮ ਹੋ ਗਈਆਂ ਸਨ। ਐੱਨਡੀਆਰਐੱਫ ਦੀ ਟੀਮ ਨੇ ਫਸੇ ਲੋਕਾਂ ਨੂੰ ਬਚਾਉਣ ਲਈ 15 ਕਿਲੋਮੀਟਰ ਪੈਦਲ ਚੱਲ ਕੇ 15 ਬੱਚਿਆਂ ਸਮੇਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਬਰਸਾਤ ਨਾਲ ਸਬੰਧਤ ਇੱਕ ਹੋਰ ਘਟਨਾ ਵਿੱਚ ਬਲਾਦ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਸਨਅਤੀ ਬੱਦੀ ਖੇਤਰ ਅਤੇ ਪਿੰਜੌਰ ਨੂੰ ਜੋੜਨ ਵਾਲਾ ਬੱਦੀ ਵਿਖੇ ਮਰਾਂਵਾਲਾ ਪੁਲ ਅੱਜ ਢਹਿ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।