ਪਟਿਆਲਾ, 27 ਜੂਨ:
ਪੰਜਾਬ ਦੇ ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕਰਦਿਆਂ ਕਾਲਜ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕਰੀਬ 150 ਕਰੋੜ ਰੁਪਏ ਦੇ ਚੱਲ ਰਹੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮ ਮਿਥੇ ਸਮੇਂ ’ਚ ਪੂਰੇ ਕਰਨੇ ਯਕੀਨੀ ਬਣਾਏ ਜਾਣ ਅਤੇ ਚੱਲ ਰਹੇ ਕੰਮਾਂ ਦੀ ਗੁਣਵੱਤਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ’ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਲਈ 17.67 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਮਲਟੀ ਸਟੋਰੀ ਰਿਹਾਇਸ਼ ਦਾ ਕੰਮ 31 ਦਸੰਬਰ 2024 ਤੱਕ ਮੁਕੰਮਲ ਕੀਤਾ ਜਾਵੇਗਾ। ਜਦਕਿ ਮੈਡੀਕਲ ਕਾਲਜ ਸਟਾਫ਼ ਲਈ 15.58 ਕਰੋੜ ਰੁਪਏ ਨਾਲ ਬਣਾਈ ਜਾਣ ਵਾਲੀ ਰਿਹਾਇਸ਼ ਦਾ ਕੰਮ 5 ਜੁਲਾਈ 2024 ਤੱਕ ਸ਼ੁਰੂ ਕੀਤਾ ਜਾਵੇਗਾ। 76.32 ਕਰੋੜ ਰੁਪਏ ਨਾਲ ਉਸਾਰੀ ਜਾ ਰਹੀ ਦਰਜਾ ਤਿੰਨ ਅਤੇ ਚਾਰ ਦੇ ਮੁਲਾਜ਼ਮਾਂ ਦੀ ਰਿਹਾਇਸ਼ ਦਾ ਕੰਮ ਵੀ ਅਗਲੇ ਛੇ ਮਹੀਨੇ ’ਚ ਮੁਕੰਮਲ ਕਰ ਲਿਆ ਜਾਵੇਗਾ। 4.75 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਵਿਖੇ ਨਵੇਂ ਉਸਾਰੇ ਜਾ ਰਹੇ ਸਪੋਰਟਸ ਸਟੇਡੀਅਮ ਦਾ ਕਰੀਬ 90 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਜੋ 31 ਜੁਲਾਈ 2024 ਤੱਕ ਪੂਰਾ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ 13.52 ਕਰੋੜ ਰੁਪਏ ਨਾਲ ਜੂਨੀਅਰ ਡਾਕਟਰਾਂ ਦੀ ਉਸਾਰੀ ਜਾ ਰਹੀ ਰਿਹਾਇਸ਼ ਦਾ ਕੰਮ 30 ਸਤੰਬਰ ਤੱਕ ਮੁਕੰਮਲ ਹੋਵੇਗਾ। ਜਦਕਿ 31 ਲੱਖ ਰੁਪਏ ਨਾਲ ਆਡੀਓਲੋਜੀ ਰੂਮ (ਈ.ਐਨ.ਟੀ. ਵਿਭਾਗ) ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਟੇਟ ਆਫ਼ ਦੀ ਆਰਟ ਐਮਰਜੈਂਸੀ ਕਮ ਟਰੌਮਾ ਸੈਂਟਰ ਦੀ ਉਸਾਰੀ ਕੰਮ ਉਪਚਾਰਿਕਤਾਵਾਂ ਪੂਰੀਆਂ ਹੋਣ ਉਪਰੰਤ ਜਲਦੀ ਸ਼ੁਰੂ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਈ.ਟੀ.ਪੀ. ਪਲਾਂਟ ਦਾ ਕੰਮ ਵੀ 95 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ ਤੇ ਲਗਾਤਾਰ ਟਰਾਇਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਮਰੀਜ਼ਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਵਿਧਾ ਲਈ ਮੁੱਖ ਮੰਤਰੀ ਪੇਸੈਂਟ ਫੈਸੀਲੇਸ਼ਨ ਸੈਂਟਰ ਲਈ ਜਗ੍ਹਾ ਦੀ ਸ਼ਨਾਖਤ ਕਰਨ ਸਮੇਤ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਵਿਚਾਰ ਚਰਚਾ ਕੀਤੀ।
ਮੀਟਿੰਗ ਉਪਰੰਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਐਮਰਜੈਂਸੀ, ਆਈ.ਸੀ.ਯੂ ਸਮੇਤ ਵੱਖ ਵੱਖ ਵਾਰਡਾਂ ਦਾ ਦੌਰਾ ਕਰਦਿਆਂ ਮਰੀਜ਼ਾਂ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਤਰਜੀਹੀ ਸਿਹਤ ਖੇਤਰ ਵਿੱਚ ਲਗਾਤਾਰ ਸੁਧਾਰ ਦੇ ਉਪਰਾਲੇ ਕੀਤਾ ਜਾ ਰਹੇ ਹਨ, ਜਿਸ ਤਹਿਤ ਦਾਖਲ ਮਰੀਜ਼ਾਂ ਨੂੰ ਮੁਫ਼ਤ ਹਸਪਤਾਲ ਦੇ ਅੰਦਰੋਂ ਹੀ ਦਵਾਈਆਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕੋਈ ਵੀ ਮਰੀਜ਼ ਜਾਂ ਪਰਿਵਾਰਕ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਸਾਰੀਆਂ ਦਵਾਈਆਂ ਹਸਪਤਾਲ ਵੱਲੋਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਦਵਾਈ ਹਸਪਤਾਲ ਤੋਂ ਬਾਹਰ ਤੋਂ ਮੰਗਵਾਉਣ ਦਾ ਮਾਮਲਾ ਸਾਹਮਣੇ ਆਇਆ ਦਾ ਸਬੰਧਤ ਅਧਿਕਾਰੀ ਖਿਲਾਫ਼ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਸ ਮੌਕੇ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਕਰਨਲ ਜੇ.ਵੀ. ਸਿੰਘ, ਡਾ ਰਜਨੀਸ਼ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।