ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ): –ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਲ੍ਹੇ ‘ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਦੀ ਸਰਪ੍ਰਸਤੀ ‘ਚ ਬੀਤੇ ਕੱਲ੍ਹ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਗੁਰੂ ਸਾਹਿਬ ਦੀ ਬਾਣੀ, ਕੁਰਬਾਨੀ ਤੇ ਫਿਲਾਸਫੀ ਸਬੰਧੀ ਭਾਸ਼ਨ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ‘ਚ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਇਨਾਮ ਤਕਸੀਮ ਕੀਤੇ। ਭਾਸ਼ਨ ਮੁਕਾਬਲਿਆਂ ‘ਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਤਨੂਜਾ ਪਹਿਲੇ ਸਥਾਨ ‘ਤੇ ਰਹੀ। ਬਾਰਵੀਂ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਤਾਣਾ ਦੂਸਰੇ, ਸਿਮਰਤਰਾਜ ਸਿੰਘ (ਬਾਰਵੀਂ ਜਮਾਤ) ਤੇ ਕਿਰਨ (ਗਿਆਰਵੀਂ ਜਮਾਤ) ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਰਹੀਆਂ। ਇਨ੍ਹਾਂ ਮੁਕਾਬਲਿਆਂ ਦਾ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ, ਇਕਬਾਲ ਸਿੰਘ, ਜਸਪਾਲ ਸਿੰਘ, ਰਮੇਸ਼ ਕੁਮਾਰ ਤੇ ਰਣਜੀਤ ਸਿੰਘ ਬੀਰੋਕੇ ਨੇ ਸਟਾਫ਼ ਦੇ ਸਹਿਯੋਗ ਨਾਲ ਕੀਤਾ।
ਪ੍ਰਿੰ. ਚਹਿਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿੱਥੇ ਬੇਮਿਸਾਲ ਕੁਰਬਾਨੀ ਹਰ ਸਮੇਂ ਲੋਕਾਈ ਨੂੰ ਜ਼ੁਲਮ ਖਿਲਾਫ ਲੜਨ ਲਈ ਪ੍ਰੇਰਿਤ ਕਰਦੀ ਹੈ, ਉੱਥੇ ਉਨ੍ਹਾਂ ਦੀ ਬਾਣੀ ਤੇ ਬਾਣਾ ਵੀ ਇਨਸਾਨੀਅਤ ਲਈ ਮਾਰਗਦਰਸ਼ਕ ਬਣੀ ਹੋਈ ਹੈ। ਜਿਸ ਕਰਕੇ ਅਜਿਹੇ ਮਹਾਨ ਗੁਰੂਆਂ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਮਾਗਮ ਬਹੁਤ ਸ਼ਲਾਘਾਯੋਗ ਹਨ। ਜਿਸ ਤਹਿਤ ਹੀ ਉਨ੍ਹਾਂ ਦੇ ਸਕੂਲ ‘ਚ ਵੀ ਗੁਰੂ ਸਾਹਿਬ ਦੀ ਫਿਲਾਸਫੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਤਸਵੀਰ:- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਭਾਸ਼ਨ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰਿੰ. ਤੋਤਾ ਸਿੰਘ ਚਹਿਲ ਇਨਾਮ ਤਕਸੀਮ ਕਰਦੇ ਹੋਏ।