ਨਵੀਂ ਦਿੱਲੀ, 21 ਨਵੰਬਰ
ਸਰਕਾਰ ਨੇ ਅੱਜ ਨਿੱਜੀ ਟੈਲੀਵਿਜ਼ਨ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਉਤਰਾਖੰਡ ਵਿਚ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਦੇ ਬਚਾਅ ਕਾਰਜ ਬਾਰੇ ਖ਼ਬਰਾਂ ਨੂੰ ਸਨਸਨੀਖੇਜ਼ ਬਣਾਉਣ ਤੋਂ ਬਚਣ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਨਿੱਜੀ ਨਿਊਜ਼ ਚੈਨਲਾਂ ਨੂੰ ਆਪਣੀਆਂ ਖ਼ਬਰਾਂ, ਖਾਸ ਕਰਕੇ ਬਚਾਅ ਕਾਰਜਾਂ ਨਾਲ ਸਬੰਧਤ ਖ਼ਬਰਾਂ ਦੀਆਂ ਸੁਰਖੀਆਂ ਅਤੇ ਵੀਡੀਓਜ਼ ਨੂੰ ਪ੍ਰਸਾਰਿਤ ਕਰਦੇ ਸਮੇਂ ਸੰਵੇਦਨਸ਼ੀਲ ਹੋਣ ਲਈ ਕਿਹਾ ਗਿਆ ਹੈ।